PSEB ਦੀ ਲਿਖਤੀ ਤੇ ਪ੍ਰੈਕਟੀਕਲ ਪ੍ਰੀਖਿਆ 'ਚ ਹੁਣ 20 ਫ਼ੀਸਦੀ ਅੰਕ ਲੈਣੇ ਜ਼ਰੂਰੀ

01/20/2020 10:37:54 PM

ਪਟਿਆਲਾ, (ਪ੍ਰਤਿਭਾ)- ਸਰਕਾਰੀ ਸਕੂਲਾਂ ਦਾ ਨਤੀਜਾ ਸੌ ਫੀਸਦੀ ਲਿਆਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਜਿਥੇ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ, ਉਥੇ ਹੀ ਹੁਣ ਨਵੇਂ ਨਿਯਮ ਅਨੁਸਾਰ 5ਵੀਂ, 8ਵੀਂ ਅਤੇ 10ਵੀਂ ਕਲਾਸ ਲਈ ਸੋਧੀ ਹੋਈ ਸਕੀਮ ਆਫ ਸਟੱਡੀਜ਼ ਲੈ ਕੇ ਆਏ ਹਨ। ਇਸ ਤਹਿਤ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਰਿਆਇਤ ਦਿੱਤੀ ਗਈ ਹੈ। ਹੁਣ ਵਿਦਿਆਰਥੀ ਨੂੰ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ ਵਿਚ ਵੱਖ-ਵੱਖ ਤੌਰ 'ਤੇ ਘੱਟ ਤੋਂ ਘੱਟ 20 ਫੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ। ਪਹਿਲਾਂ ਇਹ ਪਾਸ ਅੰਕ 33 ਫੀਸਦੀ ਲੈਣੇ ਜ਼ਰੂਰੀ ਹੁੰਦੇ ਸਨ ਤਾਂ ਹੀ ਵਿਦਿਆਰਥੀ ਨੂੰ ਪਾਸ ਸਮਝਿਆ ਜਾਂਦਾ ਸੀ। ਹੁਣ ਬੋਰਡ ਨੇ ਇਸ ਮਾਮਲੇ ਵਿਚ ਵਿਦਿਆਰਥੀਆਂ ਨੂੰ ਰਾਹਤ ਦੇ ਦਿੱਤੀ ਹੈ।

ਵਰਨਣਯੋਗ ਹੈ ਕਿ ਇਸ ਯੋਜਨਾ ਨੂੰ ਲੈ ਕੇ ਵਿਭਾਗ ਵੱਲੋਂ ਕਈ ਦਿਨ ਪਹਿਲਾਂ ਤੋਂ ਹੀ ਕੰਮ ਚੱਲ ਰਿਹਾ ਸੀ। ਇਸ ਨੂੰ ਹੁਣ ਬੋਰਡ ਨੇ ਲਾਗੂ ਕਰ ਦਿੱਤਾ ਹੈ। ਪ੍ਰੀਖਿਆ ਤੋਂ ਪਹਿਲਾਂ ਹੀ ਇਸ 'ਤੇ ਫੈਸਲਾ ਹੋ ਚੁੱਕਾ ਹੈ। ਹੁਣ ਬੋਰਡ ਨੇ ਇਸ ਸਬੰਧੀ ਸਾਰੇ ਸਰਕਾਰੀ, ਗੈਰ-ਸਰਕਾਰੀ, ਐਫਿਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਹੈ। ਇਨ੍ਹਾਂ ਬੋਰਡ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਲਿਖਤੀ ਪ੍ਰੀਖਿਆ ਵਿਚ 20 ਫੀਸਦੀ ਅੰਕ ਲਿਆਉਣੇ ਜ਼ਰੂਰੀ ਹੋਣਗੇ। ਬੋਰਡ ਵੱਲੋਂ ਮੈਟ੍ਰਿਕ ਲਈ ਸੋਧੇ ਹੋਏ ਪਾਸ ਫਾਰਮੂਲੇ ਅਨੁਸਾਰ ਹੀ ਅਕਾਦਮਿਕ ਸਾਲ 2019-20 ਤੋਂ 5ਵੀਂ ਅਤੇ 8ਵੀਂ ਕਲਾਸ ਦੀ ਬੋਰਡ ਪ੍ਰੀਖਿਆ ਲਈ ਪਾਸ ਫਾਰਮੂਲਾ ਲਾਗੂ ਹੋਵੇਗਾ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀ. ਬੀ. ਐੱਸ. ਈ. ਦੇ 10ਵੀਂ ਕਲਾਸ ਲਈ ਲਾਗੂ ਪਾਸ ਫਾਰਮੂਲੇ ਦੀ ਤਰਜ਼ 'ਤੇ ਅਕਾਦਮਿਕ ਸਾਲ 2019-20 ਤੋਂ ਦਸਵੀਂ ਕਲਾਸ ਦੇ ਪਾਸ ਫਾਰਮੂਲੇ ਵਿਚ ਸੋਧ ਕੀਤੀ ਗਈ ਹੈ। ਇਸ ਅਨੁਸਾਰ ਹਰੇਕ ਵਿਸ਼ੇ ਦੀ ਲਿਖਤੀ ਪ੍ਰੀਖਿਆ, ਪ੍ਰੈਕਟੀਕਲ ਪ੍ਰੀਖਿਆ (ਜਿਸ ਵਿਸ਼ੇ ਵਿਚ ਹੋਵੇ) ਅਤੇ ਸੀ. ਸੀ. ਈ. ਵਿਚ ਕੁੱਲ ਮਿਲਾ ਕੇ 33 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਪਾਸ ਐਲਾਨਿਆ ਜਾਵੇਗਾ ਬਸ਼ਰਤੇ ਵਿਦਿਆਰਥੀ ਨੇ ਲਿਖਤੀ ਅਤੇ ਪ੍ਰੈਕਟੀਕਲ ਪ੍ਰੀਖਿਆ ਵਿਚ ਵੱਖ-ਵੱਖ ਤੌਰ 'ਤੇ ਘੱਟ ਤੋਂ ਘੱਟ 20 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ। ਦੱਸਣਯੋਗ ਹੈ ਕਿ ਬੋਰਡ ਦਾ ਮੰਨਣਾ ਹੈ ਕਿ ਸੀ. ਬੀ. ਐੱਸ. ਈ. ਦੇ ਇਸ ਫਾਰਮੂਲੇ ਨਾਲ ਉਨ੍ਹਾਂ ਦਾ ਨਤੀਜਾ ਸੌ ਫੀਸਦੀ ਆਉਂਦਾ ਹੈ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਨੂੰ ਲਾਗੂ ਕੀਤਾ ਹੈ।


Bharat Thapa

Content Editor

Related News