PSEB ਦੀ ਘੋਰ ਨਾਲਾਇਕੀ, ਗਲਤ ਚੈਕਿੰਗ ਹੋਣ ਕਾਰਣ ਵਿਦਿਆਰਥੀ ਹੁੰਦੇ ਰਹੇ ਪ੍ਰੇਸ਼ਾਨ

12/10/2019 5:10:12 PM

ਅੰਮ੍ਰਿਤਸਰ (ਦਲਜੀਤ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੀ ਪ੍ਰੀਖਿਆ 'ਚ ਗਲਤ ਚੈਕਿੰਗ ਕਰਨ ਦੇ ਕਾਰਨ ਤਿੰਨ ਹੋਣਹਾਰ ਵਿਦਿਆਰਥੀਆਂ ਨੂੰ 8 ਮਹੀਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣਾ ਪਿਆ ਹੈ। ਬੋਰਡ ਵੱਲੋਂ ਮਈ 2018 'ਚ ਜਾਰੀ ਮੈਰਿਟ ਲਿਸਟ 'ਚ ਇਨ੍ਹਾਂ ਵਿਦਿਆਰਥੀਆਂ ਨੂੰ ਜਿੱਥੇ ਘੱਟ ਨੰਬਰ ਹੋਣ ਦੇ ਕਾਰਨ ਮੈਰਿਟ ਸ਼੍ਰੇਣੀ ਤੋਂ ਆਊਟ ਕਰ ਦਿੱਤਾ ਗਿਆ ਸੀ ਉਥੇ ਹੀ ਦੁਬਾਰਾ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਵੱਲੋਂ ਕਰਵਾਈ ਗਈ ਰੀ-ਵੈਲਿਊਏਸ਼ਨ ਨਾਲ ਇਹ ਵਿਦਿਆਰਥੀ ਮੈਰਿਟ ਦੀ ਸ਼੍ਰੇਣੀ 'ਚ ਆ ਗਏ ਹਨ। ਬੋਰਡ ਦੀ ਇਸ ਭਾਰੀ ਗਲਤੀ ਦੇ ਕਾਰਨ ਵਿਦਿਆਰਥੀਆਂ ਅਤੇ ਮਾਪਿਆਂ 'ਚ ਭਾਰੀ ਰੋਸ ਹੈ। ਮਾਪਿਆਂ ਨੇ ਬੋਰਡ ਦੀ ਇਸ ਗਲਤੀ ਨੂੰ ਵੇਖਦੇ ਹੋਏ ਮਾਣਯੋਗ ਕੋਰਟ 'ਚ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ।

ਜਾਣਕਾਰੀ ਅਨੁਸਾਰ ਮਜੀਠਾ ਰੋਡ 'ਤੇ ਸਥਿਤ ਸੰਨ ਵੈਲੀ ਪਬਲਿਕ ਹਾਈ ਸਕੂਲ ਦੇ 3 ਵਿਦਿਆਰਥੀਆਂ ਨੇ ਸਾਲ 2018 'ਚ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਇਹ ਵਿਦਿਆਰਥੀ ਆਪਣੀ ਜਮਾਤ 'ਚ ਕਾਫ਼ੀ ਹੋਣਹਾਰ ਅਤੇ ਮਿਹਨਤੀ ਸਨ। ਵਿਦਿਆਰਥਣ ਅਲੀਨਾ ਸਿੰਘ, ਆਰਿਅਨ ਅਰੋੜਾ ਅਤੇ ਖੁਸ਼ਬੂ ਮਹਿਰਾ ਨੇ ਜਦੋਂ 10ਵੀਂ ਦੀ ਪ੍ਰੀਖਿਆ ਦਿੱਤੀ ਤਾਂ ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਉਹ ਮੈਰਿਟ 'ਚ ਆਉਣਗੇ ਪਰ ਜਦੋਂ ਨਤੀਜਾ ਐਲਾਨ ਹੋਇਆ ਤਾਂ ਮੈਰਿਟ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਕੋਈ ਵਿਸ਼ੇਸ਼ ਪ੍ਰਮਾਣ ਪ੍ਰਾਪਤ ਨਹੀਂ ਹੋਇਆ। ਆਪਣਾ ਨਤੀਜਾ ਵੇਖਕੇ ਇਹ ਤਿੰਨੋਂ ਵਿਦਿਆਰਥੀ ਕਾਫ਼ੀ ਮਾਯੂਸ ਹੋਏ ਅਤੇ ਅੰਦਰ ਹੀ ਅੰਦਰ ਘੁਟਣ ਲੱਗੇ। ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਸਬੰਧ 'ਚ ਜਦੋਂ ਸਕੂਲ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਕਿਤੇ ਨਾ ਕਿਤੇ ਤਾਂ ਕੋਈ ਗਲਤੀ ਹੋਈ ਹੈ। ਸਕੂਲੀ ਪ੍ਰਸ਼ਾਸਨ ਵੱਲੋਂ ਇਸ ਗਲਤੀ ਦਾ ਕਾਰਨ ਜਾਣਨ ਲਈ 1000 ਰੁਪਏ ਪ੍ਰਤੀ ਵਿਦਿਆਰਥੀ ਫੀਸ ਭਰ ਕੇ ਰੀ-ਵੈਲਿਊਏਸ਼ਨ ਕਰਵਾਉਣ ਦਾ ਫੈਸਲਾ ਲਿਆ, ਰੀ-ਵੈਲਿਊਏਸ਼ਨ ਤੋਂ ਬਾਅਦ ਜਦੋਂ ਨਤੀਜਾ ਆਇਆ ਤਾਂ ਸਾਰ ੇ ਦੰਗ ਰਹਿ ਗਏ। ਅਲੀਨਾ ਸਿੰਘ ਦੇ ਅੰਗਰੇਜ਼ੀ 'ਚ 16 ਅੰਕ ਵਧਾ ਕੇ ਉਸ ਦੀ ਮੈਰਿਟ ਸਥਾਨ 'ਚ 97.8 ਫ਼ੀਸਦੀ ਅਤੇ ਆਰਿਅਨ ਅਰੋੜਾ ਦੇ 10 ਨੰਬਰ ਵਧਾ ਕੇ ਉਸ ਦੀ ਮੈਰਿਟ 97.6 ਫ਼ੀਸਦੀ ਜਾਰੀ ਕੀਤੀ ਗਈ। ਇਸੇ ਤਰ੍ਹਾਂ ਖੁਸ਼ਬੂ ਮਹਿਰਾ ਦੇ ਵੀ 12 ਨੰਬਰ ਵਧਾਕੇ ਉਸ ਦੀ ਮੈਰਿਟ 95 ਫ਼ੀਸਦੀ ਜਾਰੀ ਕੀਤੀ ਗਈ। ਮਾਤਾ-ਪਿਤਾ ਸੁਨੀਲ ਅਰੋੜਾ, ਸਰਬਜੀਤ ਕੌਰ ਅਤੇ ਕਰਨ ਮਹਿਰਾ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੋਰਡ ਦੀ ਇਸ ਗਲਤੀ ਦੇ ਕਾਰਣ ਪਿਛਲੇ 8 ਮਹੀਨੇ ਉਨ੍ਹਾਂ ਦੇ ਬੱਚਿਆਂ ਨੂੰ ਕਾਫ਼ੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿÎਣਾ ਪਿਆ ਹੈ।

ਉਨ੍ਹਾਂ ਦੇ ਬੱਚੇ ਪਿਛਲੀਆਂ ਜਮਾਤਾਂ 'ਚ ਹਮੇਸ਼ਾ ਹੀ ਚੰਗੇ ਨੰਬਰ ਲੈ ਕੇ ਆਉਂਦੇ ਰਹੇ ਹਨ ਪਰ ਬੋਰਡ ਦੀ ਗਲਤੀ ਨੇ ਉਨ੍ਹਾਂ ਦੇ ਬੱਚਿਆਂ ਦੇ ਮਨ ਨੂੰ ਭਾਰੀ ਠੇਸ ਪਹੁੰਚਾਈ ਹੈ। ਇਹ ਤਾਂ ਅੰਗਰੇਜ਼ੀ ਵਿਸ਼ੇ ਦੀ ਹੀ ਰੀ-ਵੈਲਿਊਏਸ਼ਨ ਸੀ ਜੇਕਰ ਹੋਰ ਮਜ਼ਮੂਨਾਂ ਦੀ ਵੀ ਦੁਬਾਰਾ ਚੈਕਿੰਗ ਕਰਵਾਈ ਜਾਂਦੀ ਤਾਂ ਉਨ੍ਹਾਂ ਦੇ ਬੱਚਿਆਂ ਦੇ ਹੋਰ ਜ਼ਿਆਦਾ ਨੰਬਰ ਆ ਸਕਦੇ ਸਨ। ਬੋਰਡ ਆਪਣੇ-ਆਪ ਨੂੰ ਚੰਗਾ ਸਾਬਤ ਕਰਨ ਲਈ ਆਪਣੀ ਪਿੱਠ ਕਾਫ਼ੀ ਥਪਥਪਾਉਂਦਾ ਆਉਂਦਾ ਹੈ ਪਰ ਉਸ ਦੇ ਗਲਤ ਫੈਸਲਿਆਂ ਦੇ ਕਾਰਨ ਅੱਜ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਹੋਣਾ ਪਿਆ ਹੈ। ਬੋਰਡ ਦੇ ਇਸ ਫੈਸਲੇ ਖਿਲਾਫ ਮਾਣਯੋਗ ਕੋਰਟ 'ਚ ਵੀ ਸ਼ਿਕਾਇਤ ਕਰਨ ਜਾ ਰਹੇ ਹਨ, ਉੱਧਰ ਦੂਜੇ ਪਾਸੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸੈਣੀ ਅਤੇ ਡਾਇਰੈਕਟਰ ਚਾਂਦ ਪੁਸ਼ਕਰਣਾ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਹਮੇਸ਼ਾ ਮੈਰਿਟ 'ਚ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ ਹੈ। ਜੇਕਰ ਸਾਰੇ ਬੱਚਿਆਂ ਦੀ ਦੁਬਾਰਾ ਰੀ-ਵੈਲਿਊਏਸ਼ਨ ਕਰਵਾਈ ਜਾਵੇ ਤਾਂ ਉਨ੍ਹਾਂ ਦੇ ਹੋਰ ਵੀ ਬੱਚੇ ਮੈਰਿਟ 'ਚ ਆ ਸਕਦੇ ਹਨ ਜਿਨ੍ਹਾਂ ਅਧਿਆਪਕਾਂ ਨੇ ਅਜਿਹੀ ਗਲਤੀ ਕੀਤੀ ਹੈ, ਬੋਰਡ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧ 'ਚ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ 'ਤੇ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਆਪਣਾ ਫੋਨ ਹੀ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

ਗਲਤ ਚੈਕਿੰਗ ਕਰਨ ਵਾਲੇ ਅਧਿਆਪਕਾਂ ਨੂੰ ਸਰਕਾਰ ਕਰੇ ਮੁਅੱਤਲ
ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਰਾਸਾ ਦੇ ਰਾਜਸੀ ਜਨਰਲ ਸਕੱਤਰ ਪੰਡਿਤ ਸੁਜੀਤ ਕੁਮਾਰ ਬਬਲੂ ਨੇ ਕਿਹਾ ਕਿ ਬੋਰਡ ਵੱਲੋਂ ਹਮੇਸ਼ਾ ਹੀ ਆਪਣੀਆਂ ਗਲਤੀਆਂ ਕਾਰਣ ਸੁਰਖੀਆਂ ਬਟੋਰੀਆਂ ਜਾਂਦੀਆਂ ਹਨ। ਇਸ ਵਾਰ ਤਾਂ ਬੋਰਡ ਨੇ ਆਪਣੀਆਂ ਗਲਤੀਆਂ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗ ਗਿਆ ਸੀ, ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਅਧਿਆਪਕਾਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਪੇਪਰ ਚੈੱਕ ਕੀਤੇ ਹਨ ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਬੋਰਡ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਜਿਨ੍ਹਾਂ ਨੇ ਬਿਨਾਂ ਸੋਚੇ-ਸਮਝੇ ਇਨ੍ਹਾਂ ਵਿਦਿਆਰਥੀਆਂ ਨੂੰ ਮੈਰਿਟ ਲਿਸਟ ਤੋਂ ਬਾਹਰ ਕਰ ਦਿੱਤਾ।

ਪਹਿਲਾਂ ਨੰਬਰ ਆਏ ਹੋਏ ਹੁੰਦੇ ਤਾਂ ਅੱਜ ਅਸੀਂ ਵੀ ਮੈਰਿਟ ਦੇ ਵਿਦਿਆਰਥੀ ਕਹਾਉਂਦੇ
ਰੀ-ਵੈਲਿਊਏਸ਼ਨ ਕਰਵਾਉਣ ਦੇ ਉਪਰੰਤ ਮੈਰਿਟ 'ਚ ਆਈ ਵਿਦਿਆਰਥਣ ਅਲੀਨਾ ਸਿੰਘ ਨੇ ਕਿਹਾ ਕਿ ਹੁਣ ਮੈਰਿਟ 'ਚ ਆਉਣ 'ਚ ਉਨ੍ਹਾਂ ਨੂੰ ਖੁਸ਼ੀ ਤਾਂ ਹੈ ਪਰ ਉਹ ਖੁਸ਼ੀ ਨਹੀਂ ਹੈ ਜੋ ਪਹਿਲਾਂ ਨਤੀਜੇ ਐਲਾਨ ਹੁੰਦੇ ਹੀ ਮੈਰਿਟ 'ਚ ਆਉਣ 'ਤੇ ਹੁੰਦੀ ਹੈ। ਅਲੀਨਾ ਨੇ ਦੱਸਿਆ ਕਿ ਜਦੋਂ ਨਤੀਜੇ ਐਲਾਨ ਹੋਏ ਉਹ ਮੈਰਿਟ 'ਚ ਆਪਣਾ ਨਾਂ ਵੇਖਦੀ ਰਹੀ ਪਰ ਜਦੋਂ ਮੈਰਿਟ 'ਚ ਉਸ ਦਾ ਨਾਂ ਨਹੀਂ ਆਇਆ ਤਾਂ ਉਸ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਸਕੂਲੀ ਪ੍ਰਸ਼ਾਸਨ ਅਤੇ ਮਾਤਾ-ਪਿਤਾ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਦੀ ਇੰਨੀ ਮਿਹਨਤ ਨਾਲ ਉਹ ਮੈਰਿਟ ਸ਼੍ਰੇਣੀ 'ਚ ਅੱਗੇ ਆ ਸਕੀ ਹੈ।

ਮੈਰਿਟ 'ਚ ਨਾ ਆਉਣ ਕਾਰਨ ਖੂਬ ਰੋਇਆ ਸੀ ਆਰਿਅਨ
ਆਰਿਅਨ ਅਰੋੜਾ ਨੇ ਕਿਹਾ ਕਿ 10ਵੀਂ ਜਮਾਤ ਦੇ ਜਦੋਂ ਨਤੀਜੇ ਐਲਾਨ ਹੋਏ ਅਤੇ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਮੈਰਿਟ 'ਚ ਆਵੇਗਾ ਪਰ ਜਦੋਂ ਨਤੀਜੇ ਵੇਖੇ ਤਾਂ ਉਸ ਦੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ। ਉਸ ਦੇ ਪਿਤਾ ਅਤੇ ਸਕੂਲੀ ਪ੍ਰਸ਼ਾਸਨ ਵੱਲੋਂ ਦੁਬਾਰਾ ਚੈਕਿੰਗ ਕਰਵਾਈ ਗਈ ਤਾਂ ਉਸ ਨੂੰ ਮੈਰਿਟ 'ਚ ਸਥਾਨ ਮਿਲ ਗਿਆ। ਆਰਿਅਨ ਨੇ ਦੱਸਿਆ ਕਿ ਬੋਰਡ ਦੀ ਗਲਤੀ ਦੇ ਕਾਰਣ ਉਸ ਨੂੰ 8 ਮਹੀਨੇ ਉਹ ਦਰਦ ਸਹਿਣਾ ਪਿਆ ਹੈ ਜੋ ਕੋਈ ਵੀ ਨਹੀਂ ਸਮਝ ਸਕਦਾ।

ਭਗਵਾਨ ਨੇ ਬਚਾ ਲਿਆ, ਨਹੀਂ ਤਾਂ ਬੋਰਡ ਨੇ ਕੋਈ ਕਸਰ ਨਹੀਂ ਛੱਡੀ
ਵਿਸ਼ੇਸ਼ ਅੰਕ ਲੈ ਕੇ ਅੱਗੇ ਆਉਣ ਵਾਲੀ ਵਿਦਿਆਰਥਣ ਖੁਸ਼ਬੂ ਮਹਿਰਾ ਦਾ ਕਹਿਣਾ ਹੈ ਕਿ ਬੋਰਡ ਵੱਲੋਂ ਉਨ੍ਹਾਂ ਨੂੰ ਮੈਰਿਟ ਤੋਂ ਆਊਟ ਕਰ ਕੇ ਅਤੇ ਨੀਵਾਂ ਵਿਖਾਉਣ ਲਈ ਕੋਈ ਕਸਰ ਨਹੀਂ ਛੱਡੀ ਪਰ ਭਗਵਾਨ ਨੇ ਉਸ ਨੂੰ ਬਚਾ ਲਿਆ ਹੈ। ਭਗਵਾਨ ਦੀ ਕ੍ਰਿਪਾ ਦੇ ਕਾਰਣ ਅੱਜ ਉਹ ਵਿਸ਼ੇਸ਼ ਨੰਬਰ ਲੈ ਕੇ ਅੱਗੇ ਆਈ ਹੈ ਜੇਕਰ ਪਹਿਲਾਂ ਇਹ ਨੰਬਰ ਉਸ ਨੂੰ ਮਿਲੇ ਹੁੰਦੇ ਤਾਂ ਉਹ ਆਪਣੇ ਮਨਪਸੰਦ ਦੇ ਸਬਜੈਕਟ ਲੈ ਸਕਦੀ ਸੀ। ਸਰਕਾਰ ਨੂੰ ਇਨ੍ਹਾਂ ਗੱਲਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਣ।


Anuradha

Content Editor

Related News