10ਵੀਂ ਜਮਾਤ ਦੀ ਸਾਹਿਤਮਾਲਾ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਠ ਛਾਪਣਾ ਹੀ ਭੁੱਲ ਗਿਆ ਸਿੱਖਿਆ ਬੋਰਡ
Monday, Jul 15, 2019 - 09:56 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ)— ਪੰਜਾਬ ਸਕੂਲ ਸਿੱਖਿਆ ਬੋਰਡ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਣ ਚਰਚਾ 'ਚ ਰਹਿੰਦਾ ਹੈ ਅਤੇ ਹੁਣ ਇਹ 10ਵੀਂ ਜਮਾਤ ਦੀ ਸਾਹਿਤਮਾਲਾ ਦੀ ਪੁਸਤਕ ਕਾਰਣ ਚਰਚਾ 'ਚ ਛਾਇਆ ਹੋਇਆ ਹੈ ਕਿਉਂਕਿ ਬੋਰਡ ਇਸ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਠ ਛਾਪਣਾ ਹੀ ਭੁੱਲ ਗਿਆ। ਜਦੋਂ ਇਸ ਨਵੇਂ ਸੈਸ਼ਨ 2019-20 ਦੀ ਪੁਸਤਕ ਵਿਚ ਇਹ ਪਾਠ ਨਹੀਂ ਸੀ ਤਾਂ ਲਗਭਗ 6 ਮਹੀਨੇ ਬੀਤ ਜਾਣ ਉਪਰੰਤ ਅਧਿਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਆਪਣੀ ਗਲਤੀ ਨੂੰ ਸੁਧਾਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਠ ਪੰਜਾਬ ਦੇ ਸਾਰੇ ਸਕੂਲਾਂ ਵਿਚ ਵੱਖਰੇ ਤੌਰ 'ਤੇ 4 ਪੰਨਿਆਂ ਦਾ ਭੇਜਣਾ ਸ਼ੁਰੂ ਕਰ ਦਿੱਤਾ।
ਇਸ ਸਬੰਧੀ ਅਮਨਦੀਪ ਸਿੰਘ ਮਾਂਗਟ, ਗੁਰਚਰਨ ਸਿੰਘ ਮਾਣੇਮਾਜਰਾ, ਫੌਜਾ ਸਿੰਘ ਧਨੌਰੀ ਆਦਿ ਆਗੂਆਂ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਠ ਨੂੰ ਪਾਠ-ਪੁਸਤਕ ਵਿਚ ਦਰਜ ਨਾ ਕਰ ਕੇ ਕਿੰਨੀ ਵੱਡੀ ਅਣਗਹਿਲੀ ਕੀਤੀ ਹੈ ਅਤੇ ਜਦੋਂ ਇਹ ਪੁਸਤਕ ਛਪ ਕੇ ਵਿਦਿਆਰਥੀਆਂ ਕੋਲ ਪੁੱਜ ਗਈ ਤਾਂ ਕਿਤੇ ਜਾ ਕੇ ਅਧਿਕਾਰੀਆਂ ਦੀ ਜਾਗ ਖੁੱਲ੍ਹੀ। ਸਰਕਾਰ ਨੂੰ ਚਾਹੀਦਾ ਹੈ ਕਿ ਸਬੰਧਤ ਅਧਿਕਾਰੀਆਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।