ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦਾ ਸ਼ਡਿਊਲ ਜਾਰੀ

Friday, Sep 29, 2017 - 07:05 AM (IST)

ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆ ਦਾ ਸ਼ਡਿਊਲ ਜਾਰੀ

ਮੋਹਾਲੀ  (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੀ ਅਗਲੇ ਸਾਲ ਮਾਰਚ ਮਹੀਨੇ ਵਿਚ ਹੋਣ ਵਾਲੀ ਰੈਗੂਲਰ ਅਤੇ ਓਪਨ ਸਕੂਲ ਦੀ ਸਾਲਾਨਾ ਪ੍ਰੀਖਿਆ ਲਈ ਪ੍ਰੀਖਿਆ ਫ਼ਾਰਮ ਅਤੇ ਫੀਸਾਂ ਸਬੰਧੀ ਅੱਜ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਬੋਰਡ ਦੇ ਸਕੱਤਰ ਨੇ ਦੱਸਿਆ ਕਿ 10ਵੀਂ ਜਮਾਤ ਲਈ ਪ੍ਰੀਖਿਆ ਫੀਸ 750 ਰੁਪਏ, ਪ੍ਰਯੋਗਿਕ ਵਿਸ਼ਿਆਂ ਦੀ ਫੀਸ 300 ਰੁਪਏ ਅਤੇ ਵਾਧੂ ਵਿਸ਼ਿਆਂ ਦੀ ਫੀਸ 350 ਰੁਪਏ ਪ੍ਰਤੀ ਵਿਸ਼ਾ ਨਿਰਧਾਰਿਤ ਕੀਤੀ ਗਈ ਹੈ। ਇਸੇ ਤਰ੍ਹਾਂ 12ਵੀਂ ਜਮਾਤ ਲਈ ਪ੍ਰੀਖਿਆ ਫੀਸ 1150 ਰੁਪਏ, ਪ੍ਰਯੋਗਿਕ ਵਿਸ਼ੇ ਦੀ ਫੀਸ 100 ਰੁਪਏ ਪ੍ਰਤੀ ਵਿਸ਼ਾ ਅਤੇ ਵਾਧੂ ਵਿਸ਼ੇ ਦੀ ਫੀਸ 350 ਰੁਪਏ ਪ੍ਰਤੀ ਵਿਸ਼ਾ ਰੱਖੀ ਗਈ ਹੈ ।ਸਕੱਤਰ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਚਲਾਨ ਜਨਰੇਟ ਕਰਨ ਦੀ ਆਖਰੀ ਤਰੀਕ 18 ਅਕਤੂਬਰ, ਬੈਂਕ ਵਿਚ ਫੀਸ/ਚਲਾਨ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 27 ਅਕਤੂਬਰ ਅਤੇ ਜ਼ਿਲਾ ਖੇਤਰੀ ਦਫਤਰ ਜਾਂ ਮੁੱਖ ਦਫਤਰ ਵਿਚ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 22 ਨਵੰਬਰ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 500 ਰੁਪਏ ਲੇਟ ਫੀਸ ਸਮੇਤ ਇਹ ਮਿਤੀਆਂ ਕ੍ਰਮਵਾਰ 10 ਨਵੰਬਰ, 15 ਨਵੰਬਰ ਅਤੇ 24 ਨਵੰਬਰ ਰੱਖੀਆਂ ਗਈਆਂ ਹਨ। 1000 ਰੁਪਏ ਲੇਟ ਫੀਸ ਨਾਲ ਇਹ ਮਿਤੀਆਂ ਕ੍ਰਮਵਾਰ 30 ਨਵੰਬਰ, 6 ਦਸੰਬਰ ਅਤੇ 15 ਦਸੰਬਰ ਅਤੇ 2000 ਰੁਪਏ ਲੇਟ ਫੀਸ ਦੇ ਨਾਲ ਕ੍ਰਮਵਾਰ 7 ਦਸੰਬਰ, 15 ਦਸੰਬਰ ਅਤੇ 20 ਦਸੰਬਰ ਨਿਰਧਾਰਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 1000 ਰੁਪਏ ਅਤੇ 2000 ਰੁਪਏ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਕੇਵਲ ਬੋਰਡ ਦੇ ਮੋਹਾਲੀ ਸਥਿਤ ਮੁੱਖ ਦਫਤਰ ਵਿਚ ਹੀ ਜਮ੍ਹਾ ਹੋ ਸਕਣਗੇ । ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫੀਸ ਜਮ੍ਹਾ ਕਰਵਾਉਣ ਸਬੰਧੀ ਹਦਾਇਤ ਸਬੰਧਿਤ ਸਕੂਲ ਦੀ ਲਾਗਇਨ ਆਈ. ਡੀ. ਵਿਚ ਉਪਲੱਬਧ ਹੋਵੇਗੀ । ਪ੍ਰੀਖਿਆਰਥੀਆਂ ਦੇ ਵਿਵਰਣ ਵਿਚ ਜੇਕਰ ਕੋਈ ਵੀ ਸੋਧ ਹੋਵੇਗੀ ਤਾਂ 30 ਨਵੰਬਰ ਤੋਂ 31 ਦਸੰਬਰ ਤਕ 200 ਰੁਪਏ ਪ੍ਰਤੀ ਸੋਧ ਫੀਸ ਨਾਲ ਕਰਵਾਈ ਜਾ ਸਕੇਗੀ ।


Related News