1 ਜੂਨ ਤੋਂ ਆਨਲਾਈਨ ਬੁਕਿੰਗ ਸ਼ੁਰੂ ਕਰੇਗੀ ਪੀ. ਆਰ. ਟੀ. ਸੀ.

05/30/2020 10:25:36 PM

ਲੁਧਿਆਣਾ, (ਮੋਹਿਨੀ)— ਲਾਕਡਾਊਨ ਤੋਂ ਬਾਅਦ ਹੁਣ ਪੀ.ਆਰ.ਟੀ.ਸੀ. ਨੇ ਵੀ 1 ਜੂਨ ਤੋਂ ਆਨਲਾਈਨ ਬੁਕਿੰਗ ਰਾਹੀਂ ਪੰਜਾਬ ਦੇ ਵੱਖ-ਵੱਖ ਰੂਟਾਂ 'ਤੇ ਬੱਸਾਂ ਸ਼ੁਰੂ ਕਰਨ ਲਈ ਪੰਜਾਬ 'ਚ ਆਪਣੇ ਡਿਪੂ ਮੈਨੇਜਰਾਂ ਨੂੰ ਪੱਤਰ ਲਿਖਿਆ ਹੈ ।
ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਨਰਲ ਮੈਨੇਜਰ ਪ੍ਰਸ਼ਾਸਨ ਵੱਲੋਂ ਜਾਰੀ ਇਸ ਪੱਤਰ ਦੇ ਨਾਲ ਇਕ ਸੂਚੀ ਉਨ੍ਹਾਂ ਰੂਟਾਂ ਦੀ ਭੇਜੀ ਹੈ, ਜਿਨ੍ਹਾਂ 'ਤੇ ਇਹ ਬੱਸਾਂ ਚੱਲਣੀਆਂ ਹਨ। ਜਿਸ 'ਚ ਚੰਡੀਗੜ੍ਹ ਤੋਂ ਬਠਿੰਡਾ, ਪਟਿਆਲਾ, ਸੰਗਰੂਰ ਤੋਂ ਚੰਡੀਗੜ੍ਹ, ਕਪੂਰਥਲਾ ਤੋਂ ਚੰਡੀਗੜ੍ਹ, ਬਰਨਾਲਾ ਤੋਂ ਚੰਡੀਗੜ੍ਹ, ਬੁਢਲਾਡਾ ਤੋਂ ਚੰਡੀਗੜ੍ਹ ਵਾਇਆ ਪਟਿਆਲਾ, ਫਰੀਦਕੋਟ ਤੋਂ ਚੰਡੀਗੜ੍ਹ, ਸੰਗਰੂਰ ਤੋਂ ਪਟਿਆਲਾ ਅਤੇ ਲੁਧਿਆਣਾ, ਲੁਧਿਆਣਾ ਤੋਂ ਸੰਗਰੂਰ, ਲੁਧਿਆਣਾ ਤੋਂ ਪਟਿਆਲਾ ਵਾਇਆ ਖੰਨਾ, ਪਟਿਆਲਾ ਤੋਂ ਮਲੇਰਕੋਟਲਾ, ਪਟਿਆਲਾ ਤੋਂ ਜਲੰਧਰ ਅਤੇ ਅੰਮ੍ਰਿਤਸਰ ਦੇ ਰੂਟ ਵੀ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ 'ਤੇ ਬੱਸਾਂ ਜਾਣਗੀਆਂ ਅਤੇ ਚੱਲਣ ਵਾਲੇ ਸਟੇਸ਼ਨ 'ਤੇ ਵਾਪਸੀ ਵੀ ਕਰਨਗੀਆਂ। ਇਸ ਦੇ ਲਈ ਜਨਰਲ ਮੈਨੇਜਰਾਂ ਨੂੰ ਸਮਾਂ ਸੂਚੀ ਆਪਣੇ ਮੁਤਾਬਕ ਬਣਾਉਣ ਲਈ ਕਿਹਾ ਗਿਆ ਹੈ ਪਰ ਇਸ ਲਈ ਸਵਾਰੀਆਂ ਨੂੰ ਬੁਕਿੰਗ ਆਨਲਾਈਨ ਕਰਵਾਉਣੀ ਹੋਵੇਗੀ। ਇਨ੍ਹਾਂ ਬੱਸਾਂ ਦੇ ਚੱਲਣ ਨਾਲ ਯਾਤਰੀਆਂ ਨੂੰ ਵੀ ਲੰਬੇ ਰੂਟਾਂ 'ਤੇ ਬੱਸ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਉਹ ਆਪਣੀ ਮੰਜ਼ਲ ਤਕ ਪੁੱਜ ਸਕਣਗੇ। ਦੂਜੇ ਪਾਸੇ ਪ੍ਰਾਈਵੇਟ ਬੱਸਾਂ ਦੇ ਚੱਲਣ ਸਬੰਧੀ ਅਜੇ ਸਰਕਾਰ ਨੇ ਕੋਈ ਹੁਕਮ ਜਾਰੀ ਨਹੀਂ ਕੀਤੇ ਹਨ।


KamalJeet Singh

Content Editor

Related News