ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਮਾਨਸਾ ਮੋਰਚੇ ''ਚ ਪਹੁੰਚੇ ਕੇਵਲ ਸਿੰਘ ਢਿੱਲੋਂ, CBI ਜਾਂਚ ਦੀ ਮੰਗ ਦੁਹਰਾਈ

Saturday, Oct 17, 2026 - 07:27 PM (IST)

ਪਰਵਿੰਦਰ ਝੋਟੇ ਦੇ ਇਨਸਾਫ਼ ਲਈ ਮਾਨਸਾ ਮੋਰਚੇ ''ਚ ਪਹੁੰਚੇ ਕੇਵਲ ਸਿੰਘ ਢਿੱਲੋਂ, CBI ਜਾਂਚ ਦੀ ਮੰਗ ਦੁਹਰਾਈ

ਮਾਨਸਾ/ਚੰਡੀਗੜ੍ਹ- ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਵਿਚ ਇਨਸਾਫ਼ ਲਈ ਮਾਨਸਾ ਵਿਚ ਚੱਲ ਰਹੇ ਮੋਰਚੇ ਵਿਚ ਪਹੁੰਚੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਇਸ ਮਾਮਲੇ ਵਿਚ ਜਿੱਥੇ ਸੀ.ਬੀ.ਆਈ. ਜਾਂਚ ਦੀ ਮੰਗ ਦੁਹਰਾਈ, ਉੱਥੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਵਾ ਕਰਨ ਲਈ ਕਾਲ਼ੀਆਂ ਪੱਗਾਂ ਬੰਨ੍ਹਣ। ਇਸ ਮੌਕੇ ਉਨ੍ਹਾਂ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਅਤੇ ਮਾਤਾ ਨਾਲ ਦੁੱਖ ਕੀਤਾ ਸਾਂਝਾ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗਰਗ, ਜ਼ਿਲ੍ਹਾ ਪ੍ਰਧਾਨ ਗੋਮਾ ਰਾਮ, ਦਿਆਲ ਸੋਢੀ, ਜਗਦੀਪ ਸਿੰਘ ਨਕਈ, ਮੰਗਤ ਬਾਂਸਲ, ਬੱਬੀ ਦਾਨੇਵਾਲੀਆ ਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ।

ਕਾਲੀਆਂ ਪੱਗਾਂ ਤੇ ਚੁੰਨੀਆਂ ਨਾ ਵਿਰੋਧ ਦਰਜ ਹੋਵੇ

ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਾ ਪਰਵਿੰਦਰ ਸਿੰਘ ਝੋਟਾ ਸਾਡਾ ਯੋਧਾ ਸੀ, ਜਿਸ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ਹਾਦਤ ਦਿੱਤੀ ਹੈ। ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੱਡੀ ਲੜਾਈ ਲੜ ਰਿਹਾ ਸੀ, ਉਸ ਦੀ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਪਰਵਿੰਦਰ ਸਿੰਘ ਝੋਟਾ ਦਾ ਇਨਸਾਫ਼ ਮਿਲਣ ਤੱਕ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਕਾਲੀਆਂ ਪੱਗਾਂ, ਕਾਲੀਆਂ ਚੁੰਨੀਆਂ ਨਾਲ ਅਤੇ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ, ਜਿਸ ਨੂੰ ਪਰਵਿੰਦਰ ਸਿੰਘ ਦੇ ਪਿਤਾ ਅਤੇ ਸੰਘਰਸ਼ ਵਿਚ ਬੈਠੀ ਸੰਗਤ ਨੇ ਜੈਕਾਰਿਆਂ ਦੀ ਗੂੰਜ ਵਿਚ ਸਵੀਕਾਰ ਕੀਤਾ।

ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਰਵਿੰਦਰ ਸਿੰਘ ਦਾ ਮਾਮਲਾ ਹੀ ਨਹੀਂ, ਇਸ ਤੋਂ ਪਹਿਲਾਂ ਨਸ਼ੇ ਵਿਰੁੱਧ ਆਵਾਜ਼ ਚੁੱਕਣ 'ਤੇ ਤੂਰ ਵੰਜਾਰਾ ਦੇ ਗੁਲਜ਼ਾਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ। ਮੌਜੂਦਾ ਸਰਕਾਰ ਦੇ ਰਾਜ ਵਿਚ ਗਾਇਕ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਮੇਤ ਬਹੁਤ ਸਾਰੇ ਨੌਜਵਾਨਾਂ ਦੇ ਕਤਲ ਹੋ ਗਏ, ਪਰ ਅੱਜ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਜਿਸ ਲਈ ਉਨ੍ਹਾਂ ਨੇ ਪਹਿਲੇ ਹੀ ਦਿਨ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਸੀ।

ਕੇਂਦਰ ਨੇ ਗੰਭੀਰਤਾ ਨਾਲ ਨੋਟਿਸ ਲਿਆ

ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ, ਜਿਸ ਤਹਿਤ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਸਰਕਾਰ ਨੂੰ ਪਰਵਿੰਦਰ ਸਿੰਘ ਝੋਟਾ ਸਮੇਤ ਤਿੰਨ ਮਾਮਲਿਆਂ ਦਾ ਜਵਾਬ‌ ਮੰਗਿਆ ਅਤੇ ਇਸ ਦਾ ਪੰਜਾਬ ਸਰਕਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਜਨਤਾ ਪਾਰਟੀ ਹਰ ਪੱਧਰ 'ਤੇ ਪਰਿਵਾਰ ਦਾ ਸਾਥ ਦੇਣਗੇ।


author

Anmol Tagra

Content Editor

Related News