ਸ਼ਰਾਬ ਫੈਕਟਰੀ ਮਾਮਲਾ : 'ਧਰਨਾਕਾਰੀ ਆਪਣੀ ਮਰਜ਼ੀ ਨਾਲ ਜਿੱਥੋਂ ਚਾਹੁਣ ਪਾਣੀ ਚੈੱਕ ਕਰਵਾ ਲੈਣ, ਖ਼ਰਚਾ ਅਸੀਂ ਕਰਾਂਗੇ'
Thursday, Dec 29, 2022 - 12:38 PM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ) : ਪਿਛਲੇ ਕਰੀਬ 5 ਮਹੀਨਿਆਂ ਤੋਂ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਅੱਗੇ ਧਰਨਾ ਚੱਲ ਰਿਹਾ ਹੈ। ਇਸ ਸਬੰਧੀ ਬੀਤੇ ਦਿਨੀਂ ਫੈਕਟਰੀ ਮਾਲਕਾਂ ਵੱਲੋਂ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ’ਚ ਫੈਕਟਰੀ ਦੇ ਸੀ. ਏ. ਓ. ਪਵਨ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਕਾਰਨ ਧਰਤੀ ਹੇਠਲਾ ਪਾਣੀ ਕਿਸੇ ਵੀ ਤਰ੍ਹਾਂ ਪ੍ਰਦੂਸ਼ਿਤ ਨਹੀਂ ਹੋ ਰਿਹਾ ਹੈ। ਉਨ੍ਹਾਂ ਧਰਨਾਕਾਰੀਆਂ ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਫੈਕਟਰੀ ਦੇ ਮਾਲਕ ਮਲਹੋਤਰਾ ਪਰਿਵਾਰ ਫੈਕਟਰੀ ਦੇ ਆਲੇ-ਦੁਆਲੇ ਦਾ ਦਿੱਤਾ ਗਿਆ ਪਾਣੀ, ਪੀਣ ਦੀ ਚੁਣੌਤੀ ਨੂੰ ਹਰ ਤਰ੍ਹਾਂ ਨਾਲ ਸਵੀਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਲੈਬਾਂ ਅਤੇ ਗ੍ਰੀਨ ਟ੍ਰਿਬਿਊਨਲ ਵਲੋਂ ਲਏ ਗਏ ਪਾਣੀ ਦੇ ਸੈਂਪਲ ਪਾਸ ਆਏ, ਫਿਰ ਵੀ ਧਰਨਾਕਾਰੀ ਆਪਣਾ ਧਰਨਾ ਚੁੱਕਣ ਨੂੰ ਤਿਆਰ ਨਹੀਂ ਹਨ। ਬਾਂਸਲ ਨੇ ਕਿਹਾ ਕਿ ਆਖਰ ਸਾਡਾ ਕੀ ਕਸੂਰ ਹੈ?
ਇਹ ਵੀ ਪੜ੍ਹੋ- ਭਦੌੜ ਦੇ ਕੌਂਸਲਰ ਦੀ ਸ਼ਰਮਨਾਕ ਕਰਤੂਤ, ਦੋਸਤ ਦੀ ਨਾਬਾਲਗ ਧੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ
ਪਵਨ ਬਾਂਸਲ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਜਦੋਂ ਪਿੰਡ ਮਹੀਆਂ ਵਾਲਾ ਦੇ ਸ੍ਰੀ ਗੁਰਦੁਆਰਾ ਸਾਹਿਬ ’ਚ ਪਾਣੀ ਦਾ ਬੋਰ ਕੀਤਾ ਜਾ ਰਿਹਾ ਸੀ ਤਾਂ ਬੋਰ ’ਚੋਂ ਗੰਦਾ ਪਾਣੀ ਨਿਕਲਿਆ ਸੀ ਅਤੇ ਆਸ-ਪਾਸ ਦੇ ਲੋਕਾਂ ਨੇ ਇਸ ਲਈ ਸ਼ਰਾਬ ਫੈਕਟਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਾਹਰ ਧਰਨਾ ਲਗਾ ਦਿੱਤਾ ਸੀ, ਜਦਕਿ 4 ਦਿਨਾਂ ਬਾਅਦ ਉਸ ਬੋਰ ਤੋਂ ਸਾਫ਼ ਪਾਣੀ ਆਉਣਾ ਸ਼ੁਰੂ ਹੋ ਗਿਆ ਸੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਾਣੀ ਨੂੰ ਸਾਫ਼ ਦੱਸਿਆ ਸੀ, ਪਾਣੀ ਪੀ ਕੇ ਵੀ ਦਿਖਾਇਆ ਸੀ।
ਸੀ. ਈ. ਓ ਨੇ ਫੈਕਟਰੀ ਦਾ ਪੱਖ ਪੂਰਦਿਆਂ ਦੱਸਿਆ ਕਿ ਫੈਕਟਰੀ ਦੇ ਅੰਦਰ ਵਾਟਰ ਟਰੀਟਮੈਂਟ ਪਲਾਂਟ ਲੱਗਾ ਹੋਇਆ ਹੈ, ਜਿਸ ਤੋਂ ਸਾਫ਼ ਕੀਤਾ ਹੋਇਆ ਪਾਣੀ ਦੁਬਾਰਾ ਵਰਤੋਂ ’ਚ ਲਿਆਂਦਾ ਜਾਂਦਾ ਹੈ। ਬਾਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਫੈਕਟਰੀ ਤੋਂ ਰੋਜ਼ਾਨਾ ਇਕ ਕਰੋੜ ਰੁਪਏ ਤੋਂ ਵਧ ਟੈਕਸ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਨੂੰ ਹੁਣ ਤੱਕ ਅਰਬਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਧਰਨਾਕਾਰੀ ਜਿੱਥੇ ਚਾਹੁਣ ਅਤੇ ਕਿਸੇ ਵੀ ਲੈਬ ਤੋਂ ਪਾਣੀ ਦੀ ਜਾਂਚ ਕਰਵਾ ਸਕਦੇ ਹਨ, ਜਿਸਦਾ ਸਾਰਾ ਖ਼ਰਚਾ ਚੁੱਕਣ ਲਈ ਫੈਕਟਰੀ ਤਿਆਰ ਹੈ ਅਤੇ ਜੇਕਰ ਉਹ ਸੈਂਪਲ ਫੇਲ੍ਹ ਆਉਂਦੇ ਹਨ ਤਾਂ ਫੈਕਟਰੀ ਮਾਲਕ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹੈ।
ਇਹ ਵੀ ਪੜ੍ਹੋ- ਦੁਖਦਾਇਕ ਖ਼ਬਰ : ਫਰੀਦਕੋਟ ਦੇ SP ਹੈੱਡਕੁਆਟਰ ਅਨਿਲ ਕੁਮਾਰ ਦੀ ਡਿਊਟੀ ਦੌਰਾਨ ਮੌਤ
ਉਨ੍ਹਾਂ ਕਿਹਾ ਕਿ ਜੇਕਰ ਪ੍ਰਦਰਸ਼ਨਕਾਰੀ ਚਾਹੁੰਦੇ ਹਨ ਤਾਂ ਫੈਕਟਰੀ ਮਾਲਕ ਇਸ ਮੁੱਦੇ ’ਤੇ ਖੁੱਲ੍ਹੀ ਬਹਿਸ ਕਰਨ ਨੂੰ ਵੀ ਤਿਆਰ ਹਨ ਅਤੇ ਮਲਹੋਤਰਾ ਪਰਿਵਾਰ ਫੈਕਟਰੀ ਦੇ ਨੇੜੇ ਦੇ ਇਲਾਕੇ ’ਚੋਂ ਧਰਨਾਕਾਰੀਆਂ ਵਲੋਂ ਦਿੱਤਾ ਗਿਆ ਪਾਣੀ ਪੀਣ ਲਈ ਹਰ ਸਮੇਂ ਤਿਆਰ ਹੈ। ਫੈਕਟਰੀ ਦੇ ਮੈਨੇਜਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਫੈਕਟਰੀ ’ਚ ਰੋਜ਼ਾਨਾ 2 ਲੱਖ 80 ਹਜ਼ਾਰ ਲਿਟਰ ਇਨਬੋਲ ਤਿਆਰ ਕੀਤਾ ਜਾਂਦਾ ਹੈ, ਜਿਸ ’ਚ ਹਜ਼ਾਰਾਂ ਕੁਇੰਟਲ ਝੋਨੇ ਦੀ ਵਰਤੋਂ ਹੁੰਦੀ ਹੈ, ਜੋ ਕਰੀਬ 200 ਏਕੜ ਜ਼ਮੀਨ ਤੋਂ ਪੈਦਾ ਹੁੰਦੀ ਹੈ। ਪਵਨ ਬਾਂਸਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਧਰਨਾ ਚੁੱਕ ਲੈਣ ਅਤੇ ਫੈਕਟਰੀ ਨੂੰ ਕੰਮ ਚੱਲਣ ਦੇਣ। ਜੇਕਰ ਇਹ ਸ਼ਰਾਬ ਫੈਕਟਰੀ ਬੰਦ ਹੋ ਜਾਂਦੀ ਹੈ ਤਾਂ ਪੰਜਾਬ ਦਾ ਕੋਈ ਵੀ ਵਪਾਰੀ ਨਵਾਂ ਪ੍ਰਾਜੈਕਟ ਲਗਾਉਣ ਲਈ ਤਿਆਰ ਨਹੀਂ ਹੋਵੇਗਾ, ਜਿਸ ਨਾਲ ਏਰੀਆ ਬੇਰੋਜ਼ਗਾਰੀ ਦਾ ਸ਼ਿਕਾਰ ਹੋ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।