ਬਜਟ ਦੇ ਵਿਰੋਧ ''ਚ ਸੀਟੂ ਨੇ ਕੀਤੀਆਂ ਰੋਸ ਰੈਲੀਆਂ
Saturday, Feb 03, 2018 - 09:36 AM (IST)
ਚੰਡੀਗੜ੍ਹ (ਭੁੱਲਰ) - ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਕੇਂਦਰੀ ਬਜਟ 'ਚ ਅਣਡਿੱਠ ਕਰਨ ਦੇ ਵਿਰੋਧ ਵਿਚ ਅੱਜ ਪੰਜਾਬ ਸੀਟੂ ਵਲੋਂ ਕਈ ਥਾਈਂ ਰਾਜ ਵਿਚ ਰੋਸ ਰੈਲੀਆਂ ਕੀਤੀਆਂ ਗਈਆਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ ਗਏ। ਲੁਧਿਆਣਾ, ਰੋਪੜ, ਰਾਏਕੋਟ, ਅੰਮ੍ਰਿਤਸਰ, ਬਰਨਾਲਾ ਅਤੇ ਕਈ ਹੋਰ ਥਾਵਾਂ ਤੋਂ ਅਜਿਹੀਆਂ ਖਬਰਾਂ ਆਈਆਂ ਹਨ।
ਮੋਦੀ ਸਰਕਾਰ ਵਲੋਂ ਪੇਸ਼ ਕੀਤੇ ਬਜਟ ਨੂੰ ਭਾਜਪਾ ਸਰਕਾਰ ਵਲੋਂ ਮਈ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਜਿੱਤਣ ਲਈ ਪੇਸ਼ ਕੀਤੇ ਚੋਣ ਮੈਨੀਫੈਸਟੋ ਵਾਂਗ ਜੁਮਲੇਬਾਜ਼ੀ ਦੱਸਦੇ ਹੋਏ ਰਘੂਨਾਥ ਸਿੰਘ ਨੇ ਕਿਹਾ ਕਿ ਬੇਰੁਜ਼ਗਾਰੀ ਦੂਰ ਕਰਨ ਲਈ ਕੋਈ ਠੋਸ ਤਜਵੀਜ਼ ਬਜਟ ਵਿਚ ਨਹੀਂ ਸੁਝਾਈ ਗਈ। ਸਰਕਾਰੀ ਵਿਭਾਗਾਂ ਵਿਚ ਕਈ ਸਾਲਾਂ ਤੋਂ ਖਾਲੀ ਪਈਆਂ ਪੋਸਟਾਂ 'ਤੇ ਰੈਗੂਲਰ ਕਰਮਚਾਰੀ ਨਿਯੁਕਤ ਕਰਨ ਸਬੰਧੀ ਬਜਟ ਪੂਰੀ ਤਰ੍ਹਾਂ ਖਾਮੋਸ਼ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਆਮਦਨ ਕਰ ਵਿਚ ਕੋਈ ਛੋਟ ਨਹੀਂ ਦਿੱਤੀ ਗਈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਤੇ ਸੇਵਾਵਾਂ ਦੀਆਂ ਦਰਾਂ ਵਿਚ ਹੋ ਰਹੇ ਰਿਕਾਰਡਤੋੜ ਵਾਧੇ ਨੂੰ ਰੋਕਣ ਲਈ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ।
