ਲਾਡੋਵਾਲ ਟੋਲ ਪਲਾਜ਼ਾ ''ਤੇ 13ਵੇਂ ਦਿਨ ਵੀ ਧਰਨਾ ਜਾਰੀ, ਕਿਸਾਨ ਜਥੇਬੰਦੀ ਨੇ ਜਿੰਦੇ ਲਾਉਣ ਦੀ ਸ਼ੁਰੂ ਕੀਤੀ ਤਿਆਰੀ

06/29/2024 9:44:11 PM

ਲੁਧਿਆਣਾ (ਅਨਿਲ, ਸ਼ਿਵਮ) - ਨੈਸ਼ਨਲ ਹਾਈਵੇ ’ਤੇ ਸਥਿਤ ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ 30 ਜੂਨ ਤੋਂ ਹਮੇਸ਼ਾ ਲਈ ਬੰਦ ਕਰ ਕੇ ਜਿੰਦੇ ਲਾ ਦਿੱਤੇ ਜਾਣਗੇ। ਇਹ ਐਲਾਨ ਅੱਜ ਟੋਲ ਪਲਾਜ਼ਾ ’ਤੇ ਪਿਛਲੇ 13 ਦਿਨਾਂ ਤੋਂ ਨੈਸ਼ਨਲ ਹਾਈਵੇ ਅਥਾਰਟੀ ਖਿਲਾਫ ਧਰਨਾ ਲਾ ਕੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਤੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਉੱਪ ਪ੍ਰਧਾਨ ਸੁਰਿੰਦਰ ਸਿੰਘ ਪਵਾਰ, ਉੱਪ ਪ੍ਰਧਾਨ ਕੀਰਤ ਸਿੰਘ ਭੈਣੀ ਨੇ ਅੱਜ ਟੋਲ ਪਲਾਜ਼ਾ ’ਤੇ ਆਪਣੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਪਿਛਲੇ 13 ਦਿਨਾਂ ਤੋਂ ਟੋਲ ਪਲਾਜ਼ਾ ’ਤੇ ਆਪਣੀਆਂ ਮੰਗਾਂ ਸਬੰਧੀ ਧਰਨੇ ’ਤੇ ਬੈਠੀ ਹੋਈ ਹੈ ਪਰ ਅੱਜ ਤੱਕ ਉਨ੍ਹਾਂ ਦੀਆਂ ਮੰਗਾਂ ਸੁਣਨ ਲਈ ਟੋਲ ਪਲਾਜ਼ਾ ’ਤੇ ਨੈਸ਼ਨਲ ਹਾਈਵੇ ਅਥਾਰਟੀ ਦਾ ਕੋਈ ਵੀ ਮੈਂਬਰ ਨਹੀਂ ਪੁੱਜਾ, ਜਿਸ ਕਾਰਨ ਉਨ੍ਹਾਂ ਨੇ 30 ਜੂਨ ਤੱਕ ਨੈਸ਼ਨਲ ਹਾਈਵੇ ਅਥਾਰਟੀ ਨੂੰ ਅਲਟੀਮੇਟਮ ਦਿੱਤਾ ਹੋਇਆ ਸੀ, ਜਿਸ ਦਾ ਸਮਾਂ ਅੱਜ ਰਾਤ ਪੂਰਾ ਹੋ ਜਾਵੇਗਾ ਅਤੇ ਕੱਲ ਐਤਵਾਰ ਨੂੰ ਟੋਲ ਪਲਾਜ਼ਾ ’ਤੇ ਇਕ ਵਿਸ਼ਾਲ ਇਕੱਠ ਕਰਨ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਕੇ ਜਿੰਦੇ ਲਾ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਪਿਛਲੇ 13 ਦਿਨਾਂ ਤੋਂ ਟੋਲ ਰੇਟਾਂ ’ਚ ਕੀਤੇ ਵਾਧੇ ਦੇ ਵਿਰੋਧ ’ਚ ਆਪਣਾ ਪ੍ਰਦਰਸ਼ਨ ਕਰ ਰਹੇ ਸਨ, ਜਿਸ ਵਿਚ ਉਨ੍ਹਾਂ ਨੇ ਆਮ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹਵਾਲਾ ਦਿੱਤਾ ਸੀ ਪਰ 13 ਦਿਨਾਂ ਤੋਂ ਨੈਸ਼ਨਲ ਹਾਈਵੇ ਅਥਾਰਟੀ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਜਿਸ ਨੂੰ ਨੀਂਦ ਤੋਂ ਜਗਾਉਣ ਲਈ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਹੋ ਕੇ ਸ਼ਰੇਆਮ ਲਲਕਾਰੇ ਮਾਰਨ ਵਾਲੇ ਨੌਜਵਾਨਾਂ ਖਿਲਾਫ ਪਰਚਾ ਦਰਜ

ਪ੍ਰਧਾਨ ਦਿਲਬਾਗ ਸਿੰਘ ਗਿੱਲ ਅਤੇ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਨੇ ਕਿਹਾ ਕਿ ਅੱਜ ਲਾਡੋਵਾਲ ਟੋਲ ਪਲਾਜ਼ਾ ’ਤੇ ਪੰਜਾਬ ਦੇ ਨਾਲ-ਨਾਲ ਬਾਹਰੀ ਸੂਬਿਆਂ ਤੋਂ ਵੀ ਲੋਕ ਖੁੱਲ੍ਹ ਕੇ ਹਮਾਇਤ ਦੇਣ ਲਈ ਪੁੱਜ ਰਹੇ ਹਨ, ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਵਿਚ ਦੁੱਗਣਾ ਜੋਸ਼ ਭਰ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡਾ ਟੋਲ ਪਲਾਜ਼ਾ ’ਤੇ ਧਰਨਾ ਲਾਉਣ ਦਾ ਕੋਈ ਨਿਜੀ ਸਵਾਰਥ ਨਹੀਂ ਸੀ। ਅਸੀਂ ਤਾਂ ਲੋਕਾਂ ਨੂੰ ਟੋਲ ਪਲਾਜ਼ਾ ’ਤੇ ਆ ਰਹੀਆਂ ਪ੍ਰੇਸ਼ਾਨੀਆਂ ਕਾਰਨ ਇਹ ਧਰਨਾ ਲਾਇਆ ਹੋਇਆ ਹੈ।

ਲੋਕਾਂ ਦੀਆਂ ਤਿੰਨ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਕਰਨ ਹੱਲ
ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀਆ ਤਿੰਨ ਮੰਗਾਂ ਹਲ ਜਿਨ੍ਹਾਂ ਵਿਚ ਪਹਿਲੀ ਮੰਗ ਟੋਲ ਪਲਾਜ਼ਾ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਟੋਲ ਫ੍ਰੀ ਕੀਤਾ ਜਾਵੇ। ਦੂਜੀ ਮੰਗ ਟੋਲ ਪਲਾਜ਼ਾ ’ਤੇ ਡੇਲੀ ਪਾਸ ਦਾ ਰੇਟ ਪੁਰਾਣਾ 150 ਕੀਤਾ ਜਾਵੇ। ਤੀਜੀ ਮੰਗ ਟੋਲ ਪਲਾਜ਼ਾ ’ਤੇ ਆਉਣ ਜਾਣ ਵਾਲੀ ਪਰਚੀ 24 ਘੰਟੇ ਲਈ ਲਾਗੂ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੀਆਂ ਇਹ ਮੰਗਾਂ ਮੰਨ ਲਈਆਂ ਜਾਣਗੀਆਂ ਤਾਂ ਧਰਨਾ ਖਤਮ ਕਰ ਦੇਵਾਂਗੇ।

ਟੋਲ ਪਲਾਜ਼ਾ ’ਤੇ ਕਈ ਟੈਕਸੀ ਟ੍ਰਾਂਸਪੋਰਟ ਯੂਨੀਅਨਾਂ ਵੀ ਪੁੱਜੀਆਂ
ਟੋਲ ਪਲਾਜ਼ਾ ਨੂੰ 30 ਜੂਨ ਨੂੰ ਹਮੇਸ਼ਾ ਲਈ ਬੰਦ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਨੂੰ ਹਮਾਇਤ ਦੇਣ ਲਈ ਪੰਜਾਬ ਦੀਆਂ ਕਰੀਬ ਇਕ ਦਰਜਨ ਟੈਕਸੀ ਯੂਨੀਅਨਾਂ, ਟਰੱਕ ਅਤੇ ਟ੍ਰਾਂਸਪੋਰਟ ਯੂਨੀਅਨਾਂ ਅਤੇ ਹੋਰ ਕਈ ਜਥੇਬੰਦੀਆਂ ਟੋਲ ’ਤੇ ਪੁੱਜ ਗਈਆਂ ਹਨ। 30 ਜੂਨ ਨੂੰ ਟੋਲ ਪਲਾਜ਼ਾ ’ਤੇ ਹੋਣ ਵਾਲੀ ਮਹਾਸਭਾ ਲਈ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਜਿਸ ਦੌਰਾਨ ਟੋਲ ਪਲਾਜ਼ਾ ’ਤੇ ਟੈਂਟ ਲਾਇਆ ਜਾ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Inder Prajapati

Content Editor

Related News