ਕੈਪਟਨ ਬਿਜਲੀ ਦੇ ਰੇਟਾਂ ’ਚ ਵਾਧਾ ਕਰਕੇ ਲੋਕਾਂ ’ਤੇ ਪਾ ਰਹੇ ਹਨ ਬੋਝ : ਸੰਧਵਾਂ

12/30/2019 2:39:39 PM

ਫਰੀਦਕੋਟ (ਜਗਤਾਰ) - ਪੰਜਾਬ ਸਰਕਾਰ ਵਲੋਂ ਬਿਜਲੀ ਦੇ ਰੇਟ ਵਧਾਏ ਜਾਣ ਦੇ ਵਿਰੋਧ ’ਚ ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਵਲੋਂ ਰੋਸ ਮਾਰਚ ਕੀਤਾ ਗਿਆ, ਜਿਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪ੍ਰਦਰਸ਼ਨ ਦੌਰਾਨ ਵਰਕਰਾਂ ਨੇ 7 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ।ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ’ਚ ਸਿੱਖਿਆ ਅਤੇ ਸਿਹਤ ਸਹੂਲਤਾਂ ਪਹਿਲਾਂ ਤੋਂ ਹੀ ਮਹਿੰਗੀਆਂ ਹਨ। ਇਸ ਦੇ ਬਾਵਜੂਦ ਜੋ ਬਿਜਲੀ ਪੰਜਾਬ ਅੰਦਰ ਪੈਦਾ ਹੁੰਦੀ ਹੈ, ਉਹ ਮਹਿੰਗੀ ਕਿਉਂ ਕੀਤੀ ਜਾ ਰਹੀ ਹੈ। ਸੰਧਵਾ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਬਿਜਲੀ ਬਾਹਰੋਂ ਖਰੀਦ ਕੇ 2 ਰੁਪਏ ਪ੍ਰਤੀ ਯੂਨਿਟ ਦੇ ਰਹੀ ਹੈ, ਜਦੋਕਿ ਪੰਜਾਬ ਸਰਕਾਰ ਪੰਜਾਬ ’ਚ ਬਿਜਲੀ ਪੈਦਾ ਕਰਕੇ ਲੋਕਾਂ ਨੂੰ 10 ਰੁਪਏ ਪ੍ਰਤੀ ਯੂਨਿਟ ਦੇ ਰਹੀ ਹੈ।

PunjabKesari

ਕੈਪਟਨ ਨੂੰ ਸੰਬੋਧਨ ਕਰਦਿਆਂ ਸੰਧਵਾ ਨੇ ਕਿਹਾ ਕਿ ਤੁਸੀਂ ਚੋਣਾਂ ਸਮੇਂ ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਭਿ੍ਸ਼ਟਾਚਾਰ ਕਰ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਨੂੰ ਰੱਦ ਕਰਨ ਦੀ ਗੱਲ ਕਹੀ ਸੀ। ਤੁਸੀਂ ਸਮਝੌਤੇ ਰੱਦ ਕਰਨ ਦੀ ਥਾਂ ਆਏ ਦਿਨ ਬਿਜਲੀ ਦੇ ਰੇਟਾਂ ’ਚ ਵਾਧਾ ਕਰਕੇ ਲੋਕਾਂ ’ਤੇ ਬੋਝ ਪਾ ਰਹੇ ਹੋ। ਤੁਹਾਡੀ ਨੀਯਤ ’ਚ ਖੋਟ ਹੈ, ਇਸੇ ਲਈ ਤੁਸੀਂ ਲੋਕਾਂ ਨੂੰ ਰਾਹਤ ਨਹੀਂ ਦੇ ਰਹੇ। ਦੱਸ ਦੇਈਏ ਕਿ ਬੱਤੀਆਂ ਵਾਲਾ ਚੌਕ ’ਚ ਚੱਲ ਰਿਹਾ ਰੋਸ ਮਾਰਚ ਆਮ ਆਦਮੀ ਪਾਰਟੀ ਦੀ ਕੋਟਕਪੂਰਾ ਇਕਾਈ ਵਲੋਂ ਜ਼ਿਲਾ ਪ੍ਰਧਾਨ ਧਰਮਜੀਤ ਸਿੰਘ ਰਾਮੇਆਣਾ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਦਿੱਤਾ ਗਿਆ।


rajwinder kaur

Content Editor

Related News