ਮਾਲਬਰੋਜ ਸ਼ਰਾਬ ਫੈਕਟਰੀ ਮਾਮਲਾ, ਪੁਲਸ ਨੇ ਰਟੋਲ ਰੋਹੀ ਨੇੜੇ ਲੱਗਾ ਧਰਨਾ ਹਟਾਇਆ
Sunday, Dec 18, 2022 - 07:47 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਮਾਮਲਾ ਦਿਨੋ-ਦਿਨ ਤੂਲ ਫੜਦਾ ਜਾ ਰਿਹਾ ਹੈ, ਜਿਥੇ ਪ੍ਰਦਰਸ਼ਨਕਾਰੀ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਲਗਾਤਾਰ ਸ਼ਰਾਬ ਫੈਕਟਰੀ ਦੇ ਸਾਹਮਣੇ ਧਰਨਾ ਲਗਾਇਆ ਹੋਇਆ ਹੈ, ਉਥੇ ਹੀ ਪੁਲਸ ਤੇ ਸਿਵਲ ਪ੍ਰਸ਼ਾਸਨ ਹਾਈਕੋਰਟ ਦੇ ਹੁਕਮਾਂ ਅਨੁਸਾਰ ਉਕਤ ਧਰਨਾ ਨੂੰ ਹਟਾਉਣ ਅਤੇ ਸ਼ਰਾਬ ਫੈਕਟਰੀ ਤੋਂ 300 ਮੀਟਰ ਪਿੱਛੇ ਕਰਵਾਉਣ ਲਈ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੇ ਹਨ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਦੇ ਕਈ ਵਿਧਾਇਕ ਅਤੇ ਮੰਤਰੀਆਂ ਸਮੇਤ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਧਰਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਹੁਣ ਤੱਕ ਇਹ ਮਾਮਲਾ ਹੱਲ ਨਹੀਂ ਹੋ ਸਕਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰਤਾਪ ਬਾਜਵਾ ਦਾ ‘ਆਪ’ ਸਰਕਾਰ ’ਤੇ ਨਿਸ਼ਾਨਾ, ‘9 ਮਹੀਨਿਆਂ ਦੇ ਕਾਰਜਕਾਲ ’ਚ ਲੋਕਾਂ ਦਾ ਗੁਆਇਆ ਭਰੋਸਾ’
ਐਤਵਾਰ ਨੂੰ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਡੀ. ਆਈ. ਜੀ. ਰਣਜੀਤ ਸਿੰਘ, ਕੰਵਰਦੀਪ ਕੌਰ ਐੱਸ.ਐੱਸ.ਪੀ.. ਫਿਰੋਜ਼ਪੁਰ, ਐੱਸ. ਪੀ. ਗੁਰਮੀਤ ਸਿੰਘ, ਡੀ. ਐੱਸ.ਪੀ. ਪਲਵਿੰਦਰ ਸਿੰਘ ਸੰਧੂ, ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਜ਼ੀਰਾ ਦੀ ਦੇਖ-ਰੇਖ ਹੇਠ ਪਿੰਡ ਮਨਸੂਰਵਾਲ ਸ਼ਰਾਬ ਫੈਕਟਰੀ ਵੱਲ ਜਾਣ ਵਾਲੇ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਲੋਕਾਂ ਨੂੰ ਉਥੇ ਜਾਣ ਤੋਂ ਰੋਕਿਆ ਗਿਆ ਤਾਂ ਕਿ ਹੋਰ ਲੋਕ ਧਰਨਾ ਸਥਾਨ ’ਤੇ ਨਾ ਪਹੁੰਚ ਸਕਣ, ਜੋ ਲੋਕ ਐਤਵਾਰ ਨੂੰ ਧਰਨੇ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ, ਉਨ੍ਹਾਂ ਨੂੰ ਪੁਲਸ ਨੇ ਵਾਪਸ ਭੇਜ ਦਿੱਤਾ ਤੇ ਜ਼ੋਰ-ਜ਼ਬਰਦਸਤੀ ਨਾਲ ਅੱਗੇ ਵਧਣ ਵਾਲੇ ਕੁਝ ਲੋਕਾਂ ਨੂੰ ਪੁਲਸ ਵੱਲੋਂ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਥਾਣਿਆਂ ’ਚ ਭੇਜਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਮੰਤਰੀ ਅਰੋੜਾ ਵੱਲੋਂ ਵੱਡੀ ਕਾਰਵਾਈ, ਸ਼ਹਿਰੀ ਵਿਕਾਸ ਵਿਭਾਗ ਦੇ 42 ਅਧਿਕਾਰੀਆਂ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ
ਦੱਸਣਯੋਗ ਹੈ ਕਿ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਨੂੰ ਲੈ ਕੇ ਜਿਥੇ ਸ਼ਰਾਬ ਫੈਕਟਰੀ ਦੇ ਬਾਹਰ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ, ਉਥੇ ਹੀ ਸ਼ਰਾਬ ਫੈਕਟਰੀ ਵੱਲ ਜਾਣ ਵਾਲੇ ਲੋਕਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਦਿਆਂ ਅੱਜ ਪੁਲਸ ਪ੍ਰਸ਼ਾਸਨ ਵੱਲੋਂ ਰਟੋਲ ਰੋਹੀ ਕੋਲ ਲਗਾਏ ਗਏ ਧਰਨੇ ਨੂੰ ਹਟਵਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸ਼ਨ ਹੁਣ ਇਸ ਮਾਮਲੇ ਨੂੰ ਲੈ ਕੇ ਸਖਤੀ ਦਾ ਰੁੱਖ ਅਪਨਾ ਰਿਹਾ ਹੈ। 20 ਦਸੰਬਰ ਨੂੰ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ’ਚ ਅਗਲੀ ਤਾਰੀਖ਼ ਰੱਖੀ ਗਈ ਹੈ, ਜਿਸ ’ਚ ਅਦਾਲਤ ਵੱਲੋਂ ਕੀਤਾ ਫ਼ੈਸਲਾ ਸੁਣਾਇਆ ਜਾਣਾ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੀਆਂ ਮੰਗ ਫੈਕਟਰੀ ਨੂੰ ਬੰਦ ਨਹੀਂ ਕਰਵਾਇਆ ਜਾਂਦਾ, ਉਹ ਕਿਸੇ ਵੀ ਕੀਮਤ ’ਤੇ ਧਰਨਾ ਨਹੀਂ ਹਟਾਉਣਗੇ ਅਤੇ ਉਹ ਇਸ ਦੇ ਲਈ ਹਰ ਤਰ੍ਹਾਂ ਨਾਲ ਲੜਨ ਲਈ ਤਿਆਰ ਹਨ।