PGI ''ਚ ਡਾਕਟਰਾਂ ਨੇ ਦੂਜੇ ਦਿਨ ਵੀ ਜਾਰੀ ਰੱਖੀ ਹੜਤਾਲ, ਦੂਰ-ਦੁਰਾਡਿਓਂ ਆਏ ਮਰੀਜ਼ਾਂ ਨੂੰ ਬਿਨਾਂ ਇਲਾਜ ਪਿਆ ਮੁੜਨਾ

Wednesday, Aug 14, 2024 - 05:23 AM (IST)

PGI ''ਚ ਡਾਕਟਰਾਂ ਨੇ ਦੂਜੇ ਦਿਨ ਵੀ ਜਾਰੀ ਰੱਖੀ ਹੜਤਾਲ, ਦੂਰ-ਦੁਰਾਡਿਓਂ ਆਏ ਮਰੀਜ਼ਾਂ ਨੂੰ ਬਿਨਾਂ ਇਲਾਜ ਪਿਆ ਮੁੜਨਾ

ਚੰਡੀਗੜ੍ਹ (ਸ਼ੀਨਾ) : ਪੀ.ਜੀ.ਆਈ. ਵਿੱਚ ਦੂਜੇ ਦਿਨ ਚੱਲ ਰਹੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਬਿਨਾਂ ਇਲਾਜ ਤੋਂ ਘਰ ਵਾਪਸ ਪਰਤਣਾ ਪਿਆ। ਮੰਗਲਵਾਰ ਦੇ ਦਿਨ ਵੀ ਓ.ਪੀ.ਡੀ. ਵਿਚ ਆਏ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਕੋਲਕਾਤਾ ਵਿੱਚ ਹੋਏ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਡਾਕਟਰਾਂ ਦੀ ਹੜਤਾਲ ਦੇ ਸੱਦੇ ਤੋਂ ਬਾਅਦ ਪੀ.ਜੀ.ਆਈ. ਮੰਗਲਵਾਰ ਨੂੰ 1276 ਰੈਜ਼ੀਡੈਂਟ ਡਾਕਟਰਾਂ ਨੇ ਵੀ ਹੜਤਾਲ ਕੀਤੀ ਹੋਈ ਹੈ ਤੇ ਇਸ ਹੜਤਾਲ ਨੂੰ 46 ਘੰਟੇ ਹੋ ਗਏ ਹੈ ਪਰ ਪ੍ਰਸਾਸ਼ਨ ਤੇ ਸਰਕਾਰ ਵਲੋਂ ਕੋਈ ਇਸ ਮੁੱਦੇ 'ਤੇ ਕਾਰਵਾਈ ਨਹੀਂ ਕੀਤੀ ਗਈ।

ਇਸ ਹੜਤਾਲ ਦੇ ਦੂਜੇ ਦਿਨ ਵੀ ਚੱਲਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਰਹੀਆਂ, ਜਿਸ ਕਾਰਨ ਨਵੇਂ ਅਤੇ ਪੁਰਾਣੇ ਮਰੀਜ਼ਾਂ ਨੂੰ ਬਿਨਾਂ ਚੈੱਕਅਪ ਦੇ ਵਾਪਸ ਪਰਤਣਾ ਪਿਆ ਤੇ ਮਾਮੂਲੀ ਆਪਰੇਸ਼ਨ ਰੱਦ ਕਰਨਾ ਪਿਆ। ਹਾਲਤ ਵਿਗੜਨ ਕਾਰਨ ਵੱਡੀ ਸਰਜਰੀ ਵੀ 1 ਵਜੇ ਤੋਂ ਬਾਅਦ ਮੁਲਤਵੀ ਕਰਨੀ ਪਈ। ਸੀਨੀਅਰ ਡਾਕਟਰਾਂ ਨੂੰ ਵਾਰਡਾਂ ਵਿੱਚ ਦਾਖਲ ਹੋਣਾ ਪਿਆ। ਰੈਜ਼ੀਡੈਂਟ ਡਾਕਟਰਾਂ ਦੁਆਰਾ ਚਲਾਏ ਜਾ ਰਹੇ ਐਮਰਜੈਂਸੀ ਅਤੇ ਟਰਾਮਾ ਸੈਂਟਰਾਂ ਦੀਆਂ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਐਡਵਾਂਸਡ ਆਈ ਸੈਂਟਰ, ਐਡਵਾਂਸਡ ਕਾਰਡਿਅਕ ਸੈਂਟਰ, ਐਡਵਾਂਸਡ ਪੀਡੀਆਟ੍ਰਿਕ ਸੈਂਟਰਾਂ ਵਿੱਚ ਵੀ ਚੈਕਅੱਪ ਨਹੀਂ ਕੀਤਾ ਗਿਆ ਸੀ। ਓ.ਪੀ.ਡੀ. ਵਿਚ ਆਏ ਹੁਸ਼ਿਆਰਪੁਰ ਦੇ ਪਰਿਵਾਰ, ਜਿਨ੍ਹਾਂ ਨੇ ਆਪਣੇ ਪਿਤਾ ਦੀ ਸਪਾਈਨ ਦੇ ਇਲਾਜ ਡਾਕਟਰ ਨੂੰ ਮਿਲਣਾ ਸੀ, ਉਨ੍ਹਾਂ ਨੂੰ ਵੀ ਲੰਬੇ ਇੰਤਜ਼ਾਰ ਤੋਂ ਬਾਅਦ ਬਿਨ ਚੈੱਕਅਪ ਦੇ ਵਾਪਸ ਪਰਤਣਾ ਪਿਆ। ਇਸ ਤੋਂ ਇਲਾਵਾ, ਅੰਬਾਲਾ ਜੀਂਦ ਹਰਿਆਣਾ ਤੋਂ ਆਏ ਪਰਿਵਾਰ ਮਾਂ ਤੇ ਬੇਟੇ ਨੂੰ ਆਪਣੇ ਪਿਤਾ ਨੂੰ ਸਰਜਰੀ ਤੋਂ ਬਾਅਦ ਹੋਣ ਵਾਲੇ ਰੁਟੀਨ ਚੈੱਕਅਪ ਨਾ ਹੋਣ ਕਾਰਨ ਨਿਰਾਸ਼ ਹੋ ਕੇ ਜਾਣਾ ਪਿਆ। ਅਜਿਹੇ ਹੋਰ ਵੀ ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

PunjabKesari

ਪੀ.ਜੀ.ਆਈ. ਵਿਚ ਰੋਸ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰਾਂ 'ਚੋਂ ਜੂਨੀਅਰ ਅਸਿਸਟੈਂਟ ਡਾਕਟਰ ਜ਼ਾਕੀਰ ਨੇ ਦੱਸਿਆ ਕੀ ਹਸਪਤਾਲ ਵਿੱਚ ਡਾਕਟਰਾਂ ਦੇ ਲਈ ਰਹਿਣ ਦੇ ਲਈ ਕੋਈ ਅਲੱਗ ਕਮਰਾ ਨਹੀਂ ਹੈ, ਹਸਪਤਾਲ ਪ੍ਰਸ਼ਾਸਨ ਤੇ ਸਰਕਾਰ ਇਸ ਦੇ ਲਈ ਕੁਝ ਨਹੀਂ ਕਰ ਰਹੀ ਹੈ। ਜੋ ਹਾਦਸਾ ਉਸ ਡਾਕਟਰ ਮਹਿਲਾ ਨਾਲ ਹੋਇਆ ਹੈ ਉਸ ਦੇ ਬਾਵਜੂਦ ਵੀ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਇਹ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਡਾਕਟਰਾਂ ਦੀ ਇਹ ਹੜਤਾਲ ਦੀ ਲੜਾਈ ਪ੍ਰਸ਼ਾਸਨ ਦੇ ਖਿਲਾਫ ਹੈ ਜੋ ਇਹਨਾਂ ਗੰਭੀਰ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਹ ਸਿਰਫ ਇੱਕ ਡਾਕਟਰ ਮਹਿਲਾ ਦੇ ਹੱਕ ਵਿੱਚ ਲੜਾਈ ਨਹੀਂ ਕੀਤੀ ਜਾ ਰਹੀ ਹੈ, ਸਗੋਂ ਇਹ ਹੜਤਾਲ ਉਸ ਹਰ ਇੱਕ ਔਰਤ ਲਈ ਹੈ ਜੋ ਦੇਸ਼ ਦੀ ਬੇਟੀ ਹੈ ਜਿਸ ਦੇ ਨਾਲ ਇਹ ਹਾਦਸੇ ਹੋ ਚੁੱਕੇ ਹਨ। ਪਰ ਸਰਕਾਰ ਹਾਲੇ ਵੀ ਅੱਖਾਂ ਮੂੰਦ ਕੇ ਬੈਠੀ ਹੋਈ ਹੈ ਤੇ ਕੋਈ ਐਕਸ਼ਨ ਨਹੀਂ ਲੈ ਰਹੀ। 

ਇਹ ਵੀ ਪੜ੍ਹੋ- ਹਸਪਤਾਲ 'ਚ 'ਬੱਤੀ ਗੁੱਲ',ਹਨੇਰੇ 'ਚ ਨਾ ਲੱਭੇ ਡਾਕਟਰ ਤਾਂ 'ਰੌਸ਼ਨੀ' ਨੇ ਆਟੋ 'ਚ ਦਿੱਤਾ ਬੱਚੇ ਨੂੰ ਜਨਮ

ਉਸ ਨੇ ਅੱਗੇ ਕਿਹਾ ਕਿ ਸਾਰੇ ਦੇਸ਼ ਦੇ ਡਾਕਟਰਾਂ ਦਾ ਸਮਰਥਨ ਉਸ ਲੜਕੀ ਦੇ ਨਾਲ ਹੈ ਤੇ ਅਸੀਂ ਪੀ.ਜੀ.ਆਈ. ਦੇ ਡਾਕਟਰ ਚਾਹੇ ਫਿਰ ਸੀਨੀਅਰ ਹੋਣ ਜਾਂ ਜੂਨੀਅਰ ਅਸਿਸਟੈਂਟ ਹੋਣ, ਅਸੀਂ ਉਸ ਲੜਕੀ ਦੇ ਹੱਕ ਵਿੱਚ ਜਰੂਰ ਖੜੇ ਹਾਂ ਤੇ ਜਦੋਂ ਤੱਕ ਸਰਕਾਰ ਕੋਈ ਸਹੀ ਫੈਸਲਾ ਨਹੀਂ ਦਿੰਦੀ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੀ, ਰੋਸ ਪ੍ਰਦਰਸ਼ਨ ਇਸੇ ਤਰ੍ਹਾਂ ਚੱਲੇਗਾ। ਡਾਕਟਰਾਂ ਦੇ ਲਈ ਹਸਪਤਾਲਾਂ ਵਿੱਚ ਅਰਜੈਂਟ ਸੇਫਟੀ ਮਿਸ਼ਨ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਡਾਕਟਰ ਵੀ ਸੁਰੱਖਿਅਤ ਰਹਿ ਸਕੀਏ। ਇਸ ਘਟਨਾ ਨੂੰ 46 ਘੰਟੇ ਹੋ ਗਏ ਹਨ, ਪਰ ਹਾਲੇ ਵੀ ਸਰਕਾਰਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਅਸੀਂ ਇਹ ਨਹੀਂ ਚਾਹੁੰਦੇ ਕਿ ਮਰੀਜ਼ਾਂ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇ ਤਾਂ ਜੋ ਦੂਰ ਦਰਾਜ ਤੋਂ ਆਏ ਮਰੀਜ਼ ਤੰਗ ਪਰੇਸ਼ਾਨ ਹੋ ਕੇ ਘਰਾਂ ਨੂੰ ਵਾਪਸ ਜਾ ਰਹੇ ਹਨ, ਉਹ ਵੀ ਬਿਨਾਂ ਇਲਾਜ ਤੋਂ। ਅਸੀਂ ਸਿਰਫ ਇਹੀ ਚਾਹੁੰਦੇ ਹਾਂ ਕਿ ਸਰਕਾਰ ਜਲਦੀ ਤੋਂ ਜਲਦੀ ਇਸ ਘਟਨਾ 'ਤੇ ਕੋਈ ਫੈਸਲਾ ਸੁਣਾਵੇ ਤੇ ਅਸੀਂ ਵੀ ਇਸ ਹੜਤਾਲ ਨੂੰ ਬੰਦ ਕਰੀਏ ਤੇ ਆਪਣੀ ਡਿਊਟੀ ਸ਼ੁਰੂ ਕਰੀਏ।

ਪੀ.ਜੀ.ਆਈ. ਦੇ ਕਾਰਡੀਅਕ ਸਰਜਨ ਡਾਕਟਰ ਜਿਗਿਆਸਾ ਭਾਰਤੀ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਪੀ.ਜੀ.ਆਈ. ਵਿੱਚ ਬਤੌਰ ਸਰਜਨ ਆਪਣੀ ਡਿਊਟੀ ਕਰ ਰਹੀ ਹੈ। ਉਸ ਨੇ ਗੱਲ ਕਰਦੇ ਹੋਏ ਦੱਸਿਆ ਕਿ ਰੋਸ ਪ੍ਰਦਰਸ਼ਨ ਕਰਨਾ ਡਾਕਟਰਾਂ ਦਾ ਫੈਸਲਾ ਨਹੀਂ ਸੀ, ਪਰ ਡਾਕਟਰ ਮਹਿਲਾ ਨਾਲ ਵਾਪਰੇ ਇਸ ਹਾਦਸੇ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ ਜਿਸ ਨਾਲ ਅਸੀਂ ਡਾਕਟਰ ਉਸ ਮਹਿਲਾ ਦੇ ਹੱਕ ਵਿੱਚ ਖੜ੍ਹੇ ਹਾਂ। ਅਜਿਹੀਆਂ ਘਟਨਾਵਾਂ ਦੇਸ਼ ਵਿੱਚ ਪਹਿਲਾ ਵੀ ਹੋਈਆਂ ਹਨ, ਪਰ ਬਲਾਤਕਾਰ ਦੀ ਇਹ ਘਟਨਾ ਡਾਕਟਰ ਨਾਲ ਹਸਪਤਾਲ ਵਿੱਚ ਹੋਈ ਹੈ।

PunjabKesari

ਉਸ ਨੇ ਅੱਗੇ ਦੱਸਿਆ ਕਿ ਅਸੀਂ ਮਹਿਲਾਵਾਂ ਜਦੋਂ ਘਰ ਤੋਂ ਕੰਮ ਦੇ ਲਈ ਨਿਕਲਦੀਆਂ ਹਨ ਤੇ ਆਪਣੇ ਮਾਤਾ ਪਿਤਾ ਨੂੰ ਦੱਸਦੀਆਂ ਹਾਂ ਕਿ ਅਸੀਂ ਕਿਹੜੀ ਕੈਬ ਵਿੱਚ ਹਾਂ ਜਾਂ ਆਟੋ ਵਿੱਚ ਹਾਂ ਤੇ ਜਦੋਂ ਤੱਕ ਅਸੀਂ ਕੰਮ ਦੀ ਜਗ੍ਹਾ ਨਾ ਪਹੁੰਚੀਏ, ਉਦੋਂ ਤੱਕ ਮਾਤਾ ਪਿਤਾ ਨੂੰ ਟੈਨਸ਼ਨ ਰਹਿੰਦੀ ਹੈ। ਅਸੀਂ ਡਾਕਟਰ ਹਸਪਤਾਲ ਵਿੱਚ ਵੀ ਹੁਣ ਸੁਰੱਖਿਅਤ ਨਹੀਂ ਹਾਂ। ਇੰਨੀ ਵੱਡੀ ਘਟਨਾ ਹਸਪਤਾਲ ਵਿੱਚ ਹੋ ਜਾਣਾ, ਇਸ ਤੋਂ ਸ਼ਰਮਨਾਕ ਗੱਲ ਦੇਸ਼ ਲਈ ਨਹੀਂ ਹੋ ਸਕਦੀ। ਇਸ ਸਾਲ ਦੇਸ਼ 78ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਹੈ ਪਰ ਦੇਸ਼ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦਾ, ਅਸੀਂ ਮਹਿਲਾਵਾਂ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦੀਆਂ ਜਦੋਂ ਤੱਕ ਸਰਕਾਰਾਂ ਇਹ ਬਲਾਤਕਾਰ ਤੇ ਕਤਲ ਦੀਆਂ ਘਟਨਾਵਾਂ 'ਤੇ ਨਕੇਲ ਨਹੀਂ ਕੱਸਦੀ। ਸਰਕਾਰ ਨੂੰ ਸਾਡੀ ਇਹ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਮੁੱਦੇ ਤੇ ਕਾਰਵਾਈ ਕੀਤੀ ਜਾਵੇ ਤੇ ਅਜਿਹਾ ਕਾਨੂੰਨ ਲਿਆਂਦਾ ਜਾਵੇ, ਜਿਸ ਦੀ ਸਜ਼ਾ ਮੌਤ ਹੋਵੇ, ਤਾਂ ਜੋ ਲੋਕ ਅਜਿਹਾ ਗੁਨਾਹ ਕਰਨ ਤੋਂ ਪਹਿਲਾਂ ਡਰ ਜਾਣ। ਸਾਰੇ ਦੇਸ਼ ਦੇ ਤੇ ਪੀ.ਜੀ.ਆਈ. ਦੇ ਡਾਕਟਰਾਂ ਦੀ ਵੀ ਇਹ ਅਪੀਲ ਹੈ ਕਿ ਸਰਕਾਰ ਜਲਦੀ ਇਸ ਮੁੱਦੇ 'ਤੇ ਕਾਰਵਾਈ ਕਰੇ।

ਇਹ ਵੀ ਪੜ੍ਹੋ- ਜੈਜੋਂ ਕਾਰ ਹਾਦਸਾ : ਤਿੰਨ ਦਿਨ ਬਾਅਦ ਵੀ ਸਰਚ ਟੀਮ ਦੇ ਹੱਥ ਖ਼ਾਲੀ, ਪਾਣੀ 'ਚ ਰੁੜ੍ਹੇ ਲੋਕਾਂ ਦਾ ਨਹੀਂ ਮਿਲਿਆ ਕੋਈ ਸੁਰਾਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News