ਨਾਭਾ ''ਚ ਮੋਟਰ ਸਾਈਕਲ ਰੇਹੜੀਆਂ ਵਾਲਿਆਂ ਨੇ ਕੀਤਾ ਰੋਸ ਪ੍ਰਦਰਸ਼ਨ
Thursday, Sep 17, 2020 - 03:28 PM (IST)

ਨਾਭਾ (ਰਾਹੁਲ) : ਸੱਤਾ 'ਚ ਆਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵੱਡੇ-ਵੱਡੇ ਦਾਅਵੇ ਕੀਤੇ ਸਨ ਅਤੇ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਜਿੱਥੇ ਕੰਮ-ਕਾਜ ਠੱਪ ਹੋ ਕੇ ਰਹਿ ਗਏ ਹਨ, ਉੱਥੇ ਕਰਫਿਊ ਦੌਰਾਨ ਰੁਜ਼ਗਾਰ 'ਤੇ ਵੀ ਕਾਫੀ ਅਸਰ ਪਿਆ ਹੈ। ਕੋਰੋਨਾ ਵਾਇਰਸ ਦੀ ਮਾਰ ਸਭ ਤੋਂ ਜ਼ਿਆਦਾ ਗਰੀਬਾਂ ਨੂੰ ਝੱਲਣੀ ਪੈ ਰਹੀ ਹੈ।
ਹੁਣ ਅਣ ਅਧਿਕਾਰਿਤ ਮੋਟਰਸਾਈਕਲ ਰੇਹੜੀਆਂ, ਜੋ ਕਿ ਰੇਹੜੀ ਦੇ ਤੌਰ 'ਤੇ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਆਰ. ਟੀ. ਓ ਵੱਲੋਂ ਥਾਣਿਆਂ 'ਚ ਬੰਦ ਕੀਤਾ ਜਾ ਰਿਹਾ ਹੈ, ਜਿਸ ਤੋਂ ਮੋਟਰਸਾਈਕਲ ਰੇਹੜੀ ਚਾਲਕ ਬਹੁਤ ਪਰੇਸ਼ਾਨ ਹਨ ਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਦੇ ਨਾਲ ਚੱਲ ਰਿਹਾ ਹੈ। ਇਸ ਕਾਰਨ ਉਨ੍ਹਾਂ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਸਾਡਾ ਰੁਜ਼ਗਾਰ ਨਾ ਖੋਹਿਆ ਜਾਵੇ।
ਨਾਭਾ ਹਲਕੇ 'ਚ 400 ਦੇ ਕਰੀਬ ਮੋਟਰਸਾਈਕਲ ਰੇਹੜੀਆਂ ਹਨ, ਜਿਨ੍ਹਾਂ ਨੂੰ ਚਲਾ ਕੇ ਲੋਕ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਪਰ ਹੁਣ ਇਨ੍ਹਾਂ ਮੋਟਰਸਾਈਕਲ ਰੇਹੜੀਆਂ ਨੂੰ ਥਾਣਿਆਂ 'ਚ ਬੰਦ ਕੀਤਾ ਜਾ ਰਿਹਾ ਹੈ, ਕਿਉਂਕਿ ਆਰ. ਟੀ. ਓ ਅਫ਼ਸਰ ਦੇ ਮੁਤਾਬਕ ਇਹ ਅਣ ਅਧਿਕਾਰਤ ਹਨ, ਜਿਸ ਕਰਕੇ ਹੁਣ ਗਰੀਬ ਲੋਕਾਂ ਨੂੰ ਆਪਣੀ ਰੋਟੀ ਦਾ ਫ਼ਿਕਰ ਪੈ ਗਿਆ ਹੈ ਕਿਉਂਕਿ ਉਨ੍ਹਾਂ ਵੱਲੋਂ ਮੋਟਰਸਾਈਕਲ ਰੇਹੜੀ ਦੇ ਜ਼ਰੀਏ ਦੂਰ-ਦੁਰਾਡੇ ਸਮਾਨ ਦੀ ਢੋਆ-ਢੁਆਈ ਕਰਕੇ ਆਪਣੇ ਕੰਮ ਕਾਰ ਆਸਾਨ ਤਰੀਕੇ ਨਾਲ ਕਰ ਲਏ ਜਾਂਦੇ ਸਨ ਪਰ ਹੁਣ ਇਨ੍ਹਾਂ ਨੂੰ ਥਾਣਿਆਂ 'ਚ ਬੰਦ ਕਰਨ ਤੋਂ ਬਾਅਦ ਮੋਟਰਸਾਈਕਲ ਰੇਹੜੀ ਚਾਲਕ ਮਾਯੂਸ ਦਿਖਾਈ ਦੇ ਰਹੇ ਹਨ, ਜਿਸ ਦੇ ਰੋਸ ਵੱਜੋਂ ਇਨ੍ਹਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀ ਮੋਟਰਸਾਈਕਲ ਰੇਹੜੀ ਚਾਲਕ ਗੁਰਜੰਟ ਸਿੰਘ, ਬਾਬਾ ਬਚਿੱਤਰ ਸਿੰਘ ਅਤੇ ਕੁੱਕੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਪਹਿਲਾਂ ਹੀ ਕੰਮ ਕਾਰ ਠੱਪ ਹੋ ਗਏ ਹਨ, ਦੂਜੇ ਪਾਸੇ ਸਾਨੂੰ ਆਰ. ਟੀ. ਓ ਵੱਲੋਂ ਮੋਟਰਸਾਈਕਲ ਰੇਹੜੀ ਨੂੰ ਬੰਦ ਕੀਤਾ ਜਾ ਰਿਹਾ ਹੈ ਅਤੇ ਕਈਆਂ ਦੇ ਚਲਾਨ ਵੀ ਕੀਤੇ ਗਏ ਹਨ ਅਤੇ ਕਈਆਂ ਨੂੰ ਥਾਣਿਆਂ 'ਚ ਬੰਦ ਕੀਤਾ ਗਿਆ ਪਰ ਜੇਕਰ ਇਹ ਧੰਦਾ ਸਾਡਾ ਬੰਦ ਕਰ ਦਿੱਤਾ ਗਿਆ ਤਾਂ ਸਾਡੇ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਕਿਉਂਕਿ ਜਿੱਥੇ ਇਕ ਪਾਸੇ ਹੋਰ ਅਣ ਅਧਿਕਾਰਤ ਵਾਹਨ ਚੱਲ ਰਹੇ ਹਨ, ਉੱਥੇ ਸਿਰਫ ਮੋਟਰਸਾਈਕਲ ਰੇਹੜੀ ਚਾਲਕਾਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਹੈ, ਜਦੋਂ ਕਿ ਇੱਕ ਪਾਸੇ ਸਰਕਾਰ ਗਰੀਬਾਂ ਦੀ ਮਦਦ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਅੱਗੇ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਾਨੂੰ ਕੰਮ ਕਰਨ ਦਿੱਤਾ ਜਾਵੇ। ਇਸ ਸਬੰਧ 'ਚ ਜਦੋਂ ਆਰ. ਟੀ. ਓ ਅਰਵਿੰਦ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੋਟਰਸਾਈਕਲ ਪਿੱਛੇ ਜੋ ਰੇਹੜੀਆਂ ਲਗਾਈਆਂ ਜਾਂਦੀਆਂ ਹਨ। ਇਹ ਮੋਟਰ ਵ੍ਹੀਕਲ ਐਕਟ ਦੀ ਉਲੰਘਣਾ ਹੈ, ਜਿਸ ਕਰਕੇ ਇਨ੍ਹਾਂ ਨੂੰ ਬੰਦ ਕਰਕੇ ਚਲਾਨ ਕੀਤੇ ਜਾ ਰਹੇ ਹਨ।