ਲੁਧਿਆਣਾ ''ਚ ਰੇਹੜੀ-ਫੜ੍ਹੀ ਵਾਲਿਆਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ

Monday, Jan 27, 2020 - 05:28 PM (IST)

ਲੁਧਿਆਣਾ ''ਚ ਰੇਹੜੀ-ਫੜ੍ਹੀ ਵਾਲਿਆਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਸੋਮਵਾਰ ਨੂੰ ਸੈਂਕੜਿਆਂ ਦੀ ਤਦਾਦ 'ਚ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਜਗਰਾਓਂ ਪੁਲ 'ਤੇ ਇਕੱਤਰ ਹੋ ਕੇ ਲੁਧਿਆਣਾ ਕਾਰਪੋਰੇਸ਼ਨ ਅਤੇ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ ਜੰਮ ਕੇ ਆਪਣੀ ਭੜਾਸ ਕੱਢੀ। ਰੇਹੜੀ-ਫੜ੍ਹੀ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਦੀ ਸਾਰ ਕੋਈ ਵੀ ਮੰਤਰੀ ਨਹੀਂ ਲੈ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 31 ਜਨਵਰੀ ਨੂੰ ਰੇਹੜੀਆਂ-ਫੜ੍ਹੀਆਂ ਵਲੋਂ ਮੁਕੰਮਲ ਤੌਰ 'ਤੇ ਬੰਦ ਕਰਕੇ ਸਪਲਾਈ ਠੱਪ ਕਰ ਦਿੱਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਵਲੋਂ  ਸਾਰੇ ਰੇਹੜੀ-ਫੜ੍ਹੀਆਂ ਵਾਲਿਆਂ ਨੂੰ ਇਕਜੁੱਟ ਹੋ ਕੇ ਸਰਕਾਰ ਅਤੇ ਨਗਰ ਨਿਗਮ ਦੇ ਖ਼ਿਲਾਫ਼ ਸੰਘਰਸ਼ ਵਿੱਢਣ ਲਈ ਅਪੀਲ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਹੜੀ-ਫੜ੍ਹੀ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਹੈ ਕਿ ਜਦੋਂ ਤੋਂ ਲੁਧਿਆਣਾ ਦੇ ਵੱਖ-ਵੱਖ ਸੋਧਾਂ ਦੀ ਹੱਦਬੰਦੀ ਕੀਤੀ ਗਈ ਹੈ, ਉਦੋਂ ਤੋਂ ਰੇਹੜੀ-ਫੜ੍ਹੀਆਂ ਵਾਲਿਆਂ ਨੂੰ ਲਗਾਤਾਰ ਨਗਰ ਨਿਗਮ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵੀ ਮੁਲਾਕਾਤ ਕਰਨ ਲਈ ਗਏ ਸਨ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਸਾਫ ਜਵਾਬ ਦਿੱਤਾ ਕਿ ਉਹ ਇੱਕ ਫੁੱਟ ਥਾਂ ਉਨ੍ਹਾਂ ਨੂੰ ਨਹੀਂ ਦੇਣਗੇ, ਜਿਸ ਕਾਰਨ ਉਹ ਧਰਨੇ ਲਾਉਣ ਲਈ ਮਜਬੂਰ ਹਨ।


author

Babita

Content Editor

Related News