SC/BC ਅਧਿਆਪਕ ਯੂਨੀਅਨ ਵੱਲੋਂ DC ਦਫਤਰ ਰੂਪਨਗਰ ਅੱਗੇ ਅਰਥੀ ਫੂਕ ਮੁਜ਼ਾਹਰਾ

Thursday, May 27, 2021 - 09:05 PM (IST)

SC/BC ਅਧਿਆਪਕ ਯੂਨੀਅਨ ਵੱਲੋਂ DC ਦਫਤਰ ਰੂਪਨਗਰ ਅੱਗੇ ਅਰਥੀ ਫੂਕ ਮੁਜ਼ਾਹਰਾ

ਰੂਪਨਗਰ(ਸੱਜਣ ਸੈਣੀ,ਵਿਜੇ ਸ਼ਰਮਾ)- ਐੱਸ.ਸੀ/ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਉਲੀਕੇ ਗਏ ਸੰਘਰਸ ਦੀ ਕੜੀ ਵਜੋਂ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਦੀ ਅਗਵਾਈ ’ਚ ਮਹਾਰਾਜਾ ਰਣਜੀਤ ਸਿੰਘ ਪਾਰਕ ਰੂਪਨਗਰ ’ਚ ਇੱਕਠ ਕੀਤਾ ਗਿਆ। ਜਿਸ ਤੋਂ ਬਾਅਦ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਰੂਪਨਗਰ ਦੇ ਅੱਗੇ ਪੰਜਾਬ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਭਾਰਤੀ ਅਤੇ ਜਨਰਲ ਸਕੱਤਰ ਰਾਜ ਚੌਹਾਨ ਨੇ ਦੱਸਿਆ ਕਿ ਇਹ ਅਰਥੀ ਫੂਕ ਮੁਜ਼ਾਹਰਾ 85ਵੀਂ ਸੰਵਿਧਾਨਕ ਸੋਧ ਨੂੰ ਅਮਲੀ ਰੂਪ ’ਚ ਲਾਗੂ ਕਰਵਾਉਣ, ਰਾਖਵਾਂਕਰਨ ਨੀਤੀ/ ਰੋਸਟਰ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ, ਅਬਾਦੀ ਦੇ ਅਨੁਸਾਰ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਵਿੱਚ ਵਾਧਾ ਕਰਵਾਉਣ, ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਮੇਂ ਮੁਹੱਈਆ ਕਰਵਾਉਣ, ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਦਾ ਉਜਾੜਾ ਬੰਦ ਕਰਾਉਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਵੱਖ-ਵੱਖ ਵਿਭਾਗਾਂ ’ਚ ਖਾਲੀ ਅਸਾਮੀਆਂ ’ਤੇ ਨਿਯਮਤ ਭਰਤੀ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਤਹਿਸੀਲ ਪੱਧਰ ’ਤੇ ਕੀਤਾ ਗਿਆ।

PunjabKesari

ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ ਲਈ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਨਕਾਰਦਿਆਂ ਕਿਹਾ ਕਿ ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅੰਕੜੇ ਇਕੱਠੇ ਕੀਤੇ ਹੋਏ ਹਨ ਜਿਸ ਸਬੰਧੀ ਐੱਸ.ਸੀ/ਐੱਸ.ਟੀ. ਕਮਿਸ਼ਨ ਵੱਲੋਂ ਪਹਿਲਾਂ ਹੀ ਸਪੱਸਟ ਕੀਤਾ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਹੋਣ ਤੋਂ ਰੋਕਣ ਲਈ ਪਹਿਲਾਂ ਵੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਹੋਏ 10/10/2014 ਦਾ ਗੈਰ ਸੰਵਿਧਾਨਿਕ ਪੱਤਰ ਜਾਰੀ ਕਰਕੇ ਅੜਿੱਕਾ ਖੜ੍ਹਾ ਕੀਤਾ ਹੋਇਆ ਹੈ, ਜਦੋਂ ਕਿ ਰਾਖਵਾਂਕਰਨ ਨੀਤੀ ਸਬੰਧੀ ਕੋਈ ਦਿਸ਼ਾ ਨਿਰਦੇਸ਼/ ਹਦਾਇਤਾਂ ਜਾਰੀ ਕਰਨ ਦਾ ਅਧਿਕਾਰ ਸਿਰਫ ਭਲਾਈ ਵਿਭਾਗ ਨੂੰ ਹੀ ਹੈ। ਪੰਜਾਬ ਸਰਕਾਰ ਦੇ ਦੋਗਲੇ ਸਾਜਸੀ ਵਤੀਰੇ ਵਿਰੁੱਧ ਐੱਸ.ਸੀ./ਬੀ.ਸੀ. ਵਰਗ ਦੇ ਲੋਕਾਂ ’ਚ ਭਾਰੀ ਰੋਸ ਹੈ।

ਇਸੇ ਦੌਰਾਨ ਹਰਮੀਤ ਬਾਗਵਾਲੀ ਦੇ ਕਿਹਾ ਕਿ ਜੇਕਰ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ, 10/10/2014 ਦੇ ਗੈਰ ਸੰਵਿਧਾਨਿਕ ਪੱਤਰ ਨੂੰ ਰੱਦ ਕਰਨ ਦੇ ਨਾਲ-ਨਾਲ ਸਮਾਜ ਦੇ ਉਕਤ ਮਸਲਿਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ’ਚ ਪਾਖਰ ਸਿੰਘ, ਅਰਪਨ, ਲਖਵੀਰ ਸਿੰਘ, ਲਖਵਿੰਦਰ ਸਿੰਘ, ਰਵੀ ਕੱਕੜ, ਸਤਨਾਮ ਸਿੰਘ, ਜਤਿੰਦਰ ਸਿੰਘ, ਰਾਏ ਸਿੰਘ, ਨਾਨਕ ਸਿੰਘ, ਰਣਬੀਰ ਸਿੰਘ, ਰਿਟਾਇਰਡ ਬੀ.ਪੀ.ਈ.ਓ. ਗੁਰਸ਼ਰਨ ਸਿੰਘ, ਅਨੀਤਾ, ਸੰਦੀਪ ਕੌਰ, ਮਨਦੀਪ ਰਿੰਪੀ ਹੋਰਾਂ ਦੇ ਇਲਾਵਾ ਮੌਜੂਦ ਸਨ।


author

Bharat Thapa

Content Editor

Related News