ਆਂਗਣਵਾੜੀ ਮੁਲਾਜ਼ਮਾਂ ਦਿੱਤੀਆਂ ਜੇਲ ਭਰੋ ਅੰਦੋਲਨ ਤਹਿਤ ਗ੍ਰਿਫ਼ਤਾਰੀਆਂ
Thursday, Nov 16, 2017 - 07:58 AM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਪੰਜਾਬ ਸਰਕਾਰ ਵੱਲੋਂ 3 ਤੋਂ 6 ਸਾਲ ਤੱਕ ਦੇ ਬੱਚੇ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਨ ਦਾ ਵਿਰੋਧ ਕਰਦਿਆਂ ਜੇਲ ਭਰੋ ਅੰਦੋਲਨ ਤਹਿਤ ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਰੋਸ ਮੁਜ਼ਾਹਰਾ ਕਰਦਿਆਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਅਸਲ ਵਿਚ ਸਰਕਾਰ ਬੱਚਿਆਂ ਦਾ ਭਲਾ ਨਹੀਂ ਕਰਨਾ ਚਾਹੁੰਦੀ ਸਗੋਂ ਆਂਗਣਵਾੜੀ ਕੇਂਦਰ ਖਤਮ ਕਰ ਕੇ ਗਰੀਬਾਂ ਦੇ ਬੱਚਿਆਂ ਦਾ ਭਵਿੱਖ ਬਰਬਾਦ ਕਰਨਾ ਚਾਹੁੰਦੀ ਹੈ। ਇਸ ਨਾਲ ਪੰਜਾਬ ਦੇ 26833 ਆਂਗਣਵਾੜੀ ਕੇਂਦਰਾਂ ਦੇ ਬੰਦ ਹੋਣ ਨਾਲ ਕਰੀਬ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਰੁਜ਼ਗਾਰ ਵੀ ਖੁੱਸ ਜਾਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਗਰੀਬ ਬੱਚਿਆਂ ਦੀ ਮਦਦ ਕਰਨਾ ਚਾਹੁੰਦੀ ਹੈ ਤਾਂ ਉਹ ਆਂਗਣਵਾੜੀ ਕੇਂਦਰਾਂ 'ਚ ਹੀ ਹੋ ਸਕਦੀ ਹੈ। ਪ੍ਰਾਇਮਰੀ ਸਕੂਲਾਂ ਵਿਚ ਨਾ ਤਾਂ ਇਮਾਰਤਾਂ ਹਨ, ਨਾ ਸਟਾਫ ਅਤੇ ਨਾ ਹੀ ਰਾਸ਼ਨ ਦਾ ਕੋਈ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਮਿਡ-ਡੇ ਮੀਲ ਤਾਂ ਪਹਿਲਾਂ ਹੀ ਬੰਦ ਹੋਣ ਕੰਢੇ ਹੈ, ਹੁਣ ਹਜ਼ਾਰਾਂ ਹੋਰ ਬੱਚੇ ਆਉਣ ਨਾਲ ਇਹ ਸਕੀਮ ਅਸਲੋਂ ਹੀ ਫੇਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਹਰ ਹੀਲੇ ਆਂਗਣਵਾੜੀ ਕੇਂਦਰਾਂ ਨੂੰ ਬਚਾਉਣ ਲਈ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਹ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਮੌਜੂਦ ਐੱਸ. ਐੱਚ. ਓ. ਬਰੀਵਾਲਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਅੰਦੋਲਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਅੰਮ੍ਰਿਤਪਾਲ ਕੌਰ ਅਤੇ ਸੀ. ਪੀ. ਐੱਮ. ਤਹਿਸੀਲ ਮੁਕਤਸਰ ਦੇ ਸਕੱਤਰ ਕਾਮਰੇਡ ਹਰੀਰਾਮ ਚੱਕ ਸ਼ੇਰੇਵਾਲਾ ਦੀ ਅਗਵਾਈ 'ਚ ਵੀਰਪਾਲ ਕੌਰ ਸੋਥਾ, ਪਰਮਜੀਤ ਕੌਰ, ਸ਼ਿੰਦਰਪਾਲ ਕੌਰ, ਪਰਮਜੀਤ ਕੌਰ, ਵੀਰਪਾਲ ਕੌਰ ਚੱਕ ਗਿਲਜੇਵਾਲਾ, ਪਰਮਜੀਤ ਕੌਰ ਗਿਲਜੇਵਾਲਾ, ਪਰਮਜੀਤ ਕੌਰ ਸ਼ੇਰੇਵਾਲਾ, ਹਰਮੀਤ ਕੌਰ ਰੁਪਾਣਾ, ਵੀਰਪਾਲ ਕੌਰ ਰੁਪਾਣਾ, ਸਰੋਜਬਾਲਾ ਰੁਪਾਣਾ, ਕਮਲਜੀਤ ਕੌਰ ਰੁਪਾਣਾ, ਸੋਮਾ ਰਾਣੀ ਰੁਪਾਣਾ, ਗੁਰਦੀਪ ਕੌਰ ਚੱਕ ਬੀੜ ਸਰਕਾਰ, ਹਰਮੀਤ ਕੌਰ, ਸੁਰਜੀਤ ਕੌਰ ਸ਼ੇਖ, ਪ੍ਰਕਾਸ਼ ਕੌਰ ਸੋਥਾ, ਗੁਰਮੀਤ ਕੌਰ, ਪ੍ਰੀਤਮ ਕੌਰ ਅਤੇ ਪਰਮਜੀਤ ਕੌਰ ਚੱਕ ਸ਼ੇਰੇਵਾਲਾ ਨੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਸਮੇਂ ਮੁਜ਼ਾਹਰਾਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
