ਵਿਦਿਆਰਥੀਆਂ ਵੱਲੋਂ ਮਿਮਿਟ ਕਾਲਜ ਵਿਖੇ ਧਰਨਾ-ਪ੍ਰਦਰਸ਼ਨ
Wednesday, Aug 02, 2017 - 07:47 AM (IST)
ਮਲੋਟ (ਜੱਜ,ਜੁਨੇਜਾ) - ਇਥੋਂ ਦੇ ਤਕਨੀਕੀ ਕਾਲਜ ਮਿਮਿਟ ਵਿਖੇ ਅੱਜ ਪੇਪਰ ਦੇਣ ਪੁੱਜੇ ਸੀ. ਐੱਸ. ਟੀ. ਅਬੁਲ ਖੁਰਾਣਾ ਆਈ. ਟੀ. ਆਈ. ਦੇ ਵਿਦਿਆਰਥੀਆਂ ਵੱਲੋਂ ਪੇਪਰ ਦਾ ਬਾਈਕਾਟ ਕਰ ਕੇ ਕਾਲਜ ਪ੍ਰਸ਼ਾਸਨ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਦਾ ਦੋਸ਼ ਸੀ ਕਿ ਕਾਲਜ ਸਟਾਫ ਵੱਲੋਂ ਉਨ੍ਹਾਂ ਨੂੰ ਬਿਨਾਂ ਕਾਰਨ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਧਰਨੇ 'ਚ ਮੌਜੂਦ ਵਿਦਿਆਰਥੀ ਸਾਹਿਲ ਨੇ ਕਿਹਾ ਕਿ ਉਸ ਨੂੰ ਇਹ ਕਹਿ ਕਿ ਬਾਹਰ ਕੱਢਿਆ ਗਿਆ ਹੈ ਕਿ ਤੂੰ ਨਕਲ ਮਾਰਦਾ ਹੈ ਪਰ ਜੇਕਰ ਮੈਂ ਨਕਲ ਮਾਰਦਾ ਹਾਂ ਤਾਂ ਮੇਰੇ 'ਤੇ ਨਕਲ ਦਾ ਕੇਸ ਕਿਉਂ ਨਹੀਂ ਪਾਇਆ ਗਿਆ।
ਇਸੇ ਤਰ੍ਹਾਂ ਐਟਲੇ ਸਹਿਜਪਾਲ ਦਾ ਕਹਿਣਾ ਸੀ ਕਿ ਉਹ ਸ਼ੂਗਰ ਦਾ ਮਰੀਜ਼ ਹੈ ਪਰ ਡਾਕਟਰੀ ਰਿਪੋਰਟਾਂ ਦਿਖਾਉਣ ਦੇ ਬਾਵਜੂਦ ਵੀ ਉਸ ਨੂੰ ਬਾਥਰੂਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਤਨਾਮ ਸਿੰਘ ਨੇ ਕਿਹਾ ਕਿ ਵੱਖ-ਵੱਖ ਟਰੇਡਾਂ ਦੇ 200 ਵਿਦਿਆਰਥੀ ਇਥੇ ਪੇਪਰ ਦੇਣ ਆਏ ਪਰ ਕਾਲਜ ਆਈ. ਡੀ. ਤੇ ਰੋਲ ਨੰਬਰ ਹੋਣ ਦੇ ਬਾਵਜੂਦ ਉਨ੍ਹਾਂ ਤੋਂ ਆਧਾਰ ਕਾਰਡ ਤੇ ਹੋਰ ਆਈ. ਡੀ. ਪਰੂਫ ਮੰਗ ਕੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕਾਲਜ ਵਿਖੇ ਪੀਣ ਵਾਲੇ ਪਾਣੀ ਤੱਕ ਦਾ ਕੋਈ ਪ੍ਰਬੰਧ ਨਹੀਂ।
ਨਕਲ ਦੇ ਬਹਾਨੇ ਧੱਕੇ ਨਾਲ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ 'ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਸਵੇਰੇ 10.30 ਤੋਂ 1.30 ਵਜੇ ਤੱਕ ਚੱਲਣ ਵਾਲੇ ਪੇਪਰ ਦੀ ਸਾਢੇ 11 ਵਜੇ ਤੱਕ ਐਂਟਰੀ ਨਹੀਂ ਕੀਤੀ ਜਾਂਦੀ।
ਇਨ੍ਹਾਂ ਵਿਦਿਆਰਥੀਆਂ ਨਾਲ ਪੇਪਰ ਦਿਵਾਉਣ ਆਏ ਆਈ. ਟੀ. ਆਈ. ਦੇ ਸਟਾਫ ਨੇ ਵੀ ਕਿਹਾ ਕਿ ਕਾਲਜ ਵਿਖੇ ਕੋਈ ਵੀ ਸੁਵਿਧਾ ਨਹੀਂ ਹੈ ਅਤੇ ਬਹੁਤ ਹੀ ਦੁਰਵਿਹਾਰ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਹ ਇਨਸਾਫ ਮਿਲਣ ਤੱਕ ਇਸੇ ਤਰ੍ਹਾਂ ਪੇਪਰ ਦਾ ਬਾਈਕਾਟ ਕਰ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ। ਇਸ ਸਬੰਧੀ ਮਿਮਿਟ ਕਾਲਜ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਕਿਹਾ ਕਿ ਉਕਤ ਆਈ. ਟੀ. ਆਈ. ਦੇ ਵਿਦਿਆਰਥੀ ਨਕਲ ਮਾਰਨ ਦੇ ਆਦੀ ਹਨ ਪਰ ਮਿਮਿਟ 'ਚ ਪ੍ਰੀਖਿਆ ਸੈਂਟਰ ਬਣਨ ਕਾਰਨ ਇਥੇ ਅਜਿਹੀ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜਿਸ ਕਰਕੇ ਇਹ ਧਰਨਾ ਲਾ ਕੇ ਮਾਹੌਲ ਵਿਗਾੜ ਰਹੇ ਹਨ। ਪ੍ਰਿੰਸੀਪਲ ਨੂੰ ਜਦ ਪੁੱਛਿਆ ਕਿ ਨਕਲ ਮਾਰਨ ਵਾਲੇ ਵਿਦਿਆਰਥੀਆਂ ਖਿਲਾਫ ਕੇਸ ਕਿਉਂ ਨਹੀਂ ਬਣਾਇਆ ਗਿਆ ਤਾਂ ਉਹ ਟਾਲ-ਮਟੋਲ ਕਰਦਿਆਂ ਜਾਂਚ ਕਰਵਾਉਣ ਦਾ ਕਹਿਣ ਲੱਗੇ। ਇਸ ਮੌਕੇ ਦਲਜੋਤ ਸਿੰਘ, ਕੇਵਲ ਸਿੰਘ, ਹਰਮਨ ਗਿੱਲ, ਸਤਵਿੰਦਰ ਸਿੰਘ, ਰੇਸ਼ਮ ਸਿੰਘ, ਚਰਨਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਧਰਨੇ ਵਿਚ ਹਾਜ਼ਰ ਸਨ।
