ਸਕੂਲ ਬੰਦ ਕਰਨ ਦੇ ਵਿਰੋਧ ''ਚ ਬੀ. ਐੱਡ ਫਰੰਟ ਨੇ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
Wednesday, Oct 25, 2017 - 12:21 AM (IST)
ਗੁਰਦਾਸਪੁਰ, (ਦੀਪਕ)– ਪੰਜਾਬ ਸਰਕਾਰ ਵੱਲੋਂ ਪੰਜਾਬ ਭਰ 'ਚ 800 ਦੇ ਲਗਭਗ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫਰਮਾਨ ਨਾਲ ਸਮੂਹ ਅਧਿਆਪਕ ਸੰਗਠਨਾਂ 'ਚ ਰੋਸ ਫੈਲ ਗਿਆ ਹੈ। ਅਧਿਆਪਕ ਸੰਗਠਨ ਸਰਕਾਰ ਦੇ ਇਸ ਫੈਸਲੇ ਖਿਲਾਫ ਇਕਜੁੱਟ ਹੋ ਕੇ ਪੰਜਾਬ 'ਚ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਸੇ ਤਹਿਤ ਹੀ ਅੱਜ ਜ਼ਿਲਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿਚ ਬੀ. ਐੱਡ ਫਰੰਟ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਬੀ. ਐੱਡ ਫਰੰਟ ਦੇ ਜ਼ਿਲਾ ਪ੍ਰਧਾਨ ਵਿਸ਼ਾਲ ਮਿਨਹਾਸ ਤੇ ਜ਼ਿਲਾ ਉਪ ਪ੍ਰਧਾਨ ਸੁਖਰਾਜ ਸਿੰਘ ਭਿੰਡਰ ਨੇ ਦੱਸਿਆ ਕਿ ਬਲਾਕ ਗੁਰਦਾਸਪੁਰ-1, ਗੁਰਦਾਸਪੁਰ-2, ਡੇਰਾ ਬਾਬਾ ਨਾਨਕ, ਸ੍ਰੀ ਹਰਗੋਬਿੰਦਪੁਰ, ਧਾਰੀਵਾਲ-1, ਧਾਰੀਵਾਲ-2 ਸਮੇਤ ਗੁਰਦਾਸਪੁਰ ਦੇ ਸਾਰੇ ਬਲਾਕਾਂ 'ਚ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਬੀ. ਐੱਡ ਫਰੰਟ ਕਿਸੇ ਵੀ ਕੀਮਤ 'ਤੇ ਪ੍ਰਾਇਮਰੀ ਸਕੂਲਾਂ ਨੂੰ ਬੰਦ ਨਹੀਂ ਹੋਣ ਦੇਵੇਗਾ। ਸਰਕਾਰ ਦੇ ਇਸ ਫੈਸਲੇ ਨਾਲ ਜਿਥੇ ਗਰੀਬਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ, ਉਥੇਂ ਹੀ ਮਿਡ-ਡੇ-ਮੀਲ ਵਰਕਰ ਵੀ ਆਪਣੇ ਰੁਜ਼ਗਾਰ ਤੋਂ ਵਾਂਝੇ ਹੋ ਜਾਣਗੇ। ਪੰਜਾਬ ਸਰਕਾਰ ਆਪਣਾ ਘਰ-ਘਰ ਰੁਜ਼ਗਾਰ ਦਾ ਵਾਅਦਾ ਨਿਭਾਉਣ ਦੀ ਬਜਾਏ ਗਰੀਬਾਂ ਤੋਂ ਰੁਜ਼ਗਾਰ ਖੋਹ ਰਹੀ ਹੈ। ਬੀ. ਐੱਡ ਫਰੰਟ ਸਰਕਾਰ ਦੇ ਮਨਸੂਬਿਆਂ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਵੇਗਾ।
ਇਸ ਮੌਕੇ ਪ੍ਰੈੱਸ ਸਕੱਤਰ ਜੋਗਿੰਦਰ ਪਾਲ, ਬਲਜੀਤ ਸਿੰਘ, ਧਿਆਨਪੁਰ ਬਲਾਕ ਪ੍ਰਧਾਨ ਰਣਜੀਤ ਸਿੰਘ, ਜ਼ਿਲਾ ਕਮੇਟੀ ਮੈਂਬਰ ਅਜੈਬ ਸਿੰਘ, ਮਨਜਿੰਦਰ ਸਿੰਘ ਦੋਰਾਂਗਲਾ, ਸੰਦੀਪ ਕਾਟਲ, ਅਸ਼ਵਨੀ ਸ਼ਰਮਾ, ਪਲਵਿੰਦਰ ਸਿੰਘ, ਰਾਜੇਸ਼ ਮਨਸੋਤਰਾ, ਬਿਕਰਮਜੀਤ ਸਿੰਘ, ਸੰਜੀਵ ਸਰਨਾ, ਰਾਕੇਸ਼ ਕੁਮਾਰ, ਸੰਦੀਪ ਕੁਮਾਰ, ਕਸ਼ਮੀਰ ਸਿੰਘ, ਨੰਬਰਦਾਰ ਸਵਿੰਦਰ ਸਿੰਘ ਆਦਿ ਹਾਜ਼ਰ ਸਨ।
