ਦਿੱਲੀ ''ਚ ਅਕਾਲੀਆਂ ਨੇ ਸੱਜਣ ਅਤੇ ਟਾਈਟਲਰ ਦੇ ਪੁਤਲੇ ਫੂਕੇ

Thursday, Feb 08, 2018 - 12:43 AM (IST)

ਦਿੱਲੀ ''ਚ ਅਕਾਲੀਆਂ ਨੇ ਸੱਜਣ ਅਤੇ ਟਾਈਟਲਰ ਦੇ ਪੁਤਲੇ ਫੂਕੇ

ਜਲੰਧਰ (ਚਾਵਲਾ) - ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਸ ਹੈੱਡਕੁਆਰਟਰ ਦਾ ਘਿਰਾਓ ਕਰਨ ਦੇ ਮਕਸਦ ਨਾਲ ਬਹਾਦੁਰ ਸ਼ਾਹ ਜ਼ਫ਼ਰ ਮਾਰਗ 'ਤੇ ਰੋਸ ਮਾਰਚ ਕੱਢਿਆ ਗਿਆ। ਆਈ. ਟੀ. ਓ. ਮੈਟਰੋ ਸਟੇਸ਼ਨ 'ਤੇ ਇਕੱਤਰ ਹੋਏ ਲੋਕਾਂ ਨੇ ਪੁਲਸ ਵੱਲੋਂ ਲਾਏ ਗਏ ਅੜਿੱਕਿਆਂ ਤੋਂ ਪਹਿਲਾਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਪੁਤਲੇ ਫੂਕੇ ਅਤੇ ਪੁਲਸ ਹੈੱਡਕੁਆਰਟਰ ਵੱਲ ਕੂਚ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਅਪਰਾਧੀਆਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ।ਇਸ ਦੌਰਾਨ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ ਦਿੱਲੀ ਪੁਲਸ 'ਤੇ ਟਾਈਟਲਰ ਨੂੰ ਬਚਾਉਣ ਦੇ ਦੋਸ਼ ਲਾ ਰਹੇ ਸਨ ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਟਾਈਟਲਰ ਦੀ ਗ੍ਰਿਫ਼ਤਾਰੀ ਤਕ ਲੜਾਈ ਨਹੀਂ ਰੁਕੇਗੀ ਤੇ ਇਨਸਾਫ ਪ੍ਰਾਪਤੀ ਲਈ ਅਸੀਂ ਕਿਸੇ ਵੀ ਹੱਦ ਤਕ ਜਾਣ ਨੂੰ ਤਿਆਰ ਹਾਂ । ਅਜੇ ਤਕ ਇਨਸਾਫ਼ ਦੇ ਨਾਂ 'ਤੇ ਸਾਨੂੰ ਸਿਰਫ਼ ਭਰੋਸੇ ਮਿਲੇ ਹਨ । ਜੇਕਰ ਹੁਣ ਵੀ ਸਬੂਤ ਮਿਲਣ ਦੇ ਬਾਵਜੂਦ ਦਿੱਲੀ ਪੁਲਸ ਟਾਈਟਲਰ ਨੂੰ ਬਚਾਉਣ ਦੀ ਕਾਰਵਾਈ ਕਰਦੀ ਹੈ ਤਾਂ ਵੀ ਹਰ ਹਾਲਾਤ 'ਚ ਇਨਸਾਫ਼ ਪ੍ਰਾਪਤੀ ਲਈ ਅਸੀਂ ਵਚਨਬੱਧ ਹਾਂ । ਜੀ. ਕੇ. ਨੇ ਸਾਫ਼ ਕਿਹਾ ਕਿ ਦਿੱਲੀ ਪੁਲਸ, ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਪਾਰਟੀ ਖਿਲਾਫ਼ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ ਅਤੇ ਲੋੜ ਪੈਣ 'ਤੇ ਇਨ੍ਹਾਂ ਸਭ ਦੇ ਖਿਲਾਫ਼ ਹੋਰ ਵੀ ਧਰਨੇ-ਪ੍ਰਦਰਸ਼ਨ ਆਯੋਜਿਤ ਕੀਤੇ ਜਾ ਸਕਦੇ ਹਨ।
ਉਨ੍ਹਾਂ 9 ਫ਼ਰਵਰੀ ਨੂੰ ਰਾਹੁਲ ਗਾਂਧੀ ਦੇ ਘਰ ਅੱਗੇ ਪੀੜਤ ਪਰਿਵਾਰਾਂ ਦੇ ਬੱਚਿਆਂ ਤੇ ਵਿਧਵਾਵਾਂ ਨਾਲ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕੀਤਾ ਤੇ ਦਿੱਲੀ ਪੁਲਸ ਨੂੰ ਟਾਈਟਲਰ ਦੀ ਗ੍ਰਿਫ਼ਤਾਰੀ ਲਈ ਇਕ ਹਫਤੇ ਦਾ ਅਲਟੀਮੇਟਮ ਦਿੱਤਾ। ਜੀ. ਕੇ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਜ ਸਭਾ 'ਚ 1984 ਕਤਲੇਆਮ ਬਾਰੇ ਦਿੱਤੇ ਗਏ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਬਿਆਨਬਾਜ਼ੀ ਦੇ ਨਾਲ ਹੀ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਢੁੱਕਵੇਂ ਕਾਰਜ ਕਰਨ।


Related News