ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਨੇ ਸਰਕਾਰ ਦਾ ਪੁਤਲਾ ਫੂਕਿਆ
Thursday, Jul 12, 2018 - 07:15 AM (IST)

ਮੋਗਾ (ਗੋਪੀ ਰਾਊਕੇ) - ਅੱਜ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ ਦੇ ਫੈਸਲੇ ਅਨੁਸਾਰ ਪਸਸਫ ਇਕਾਈ ਮੋਗਾ ਵਲੋਂ ਬੱਸ ਅੱਡੇ ’ਚ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ/ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਫੈੱਡਰੇਸ਼ਨ ਆਗੂਆਂ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਸਹਿਮਤੀ ਪ੍ਰਗਟ ਕਰਨ ਤੋਂ ਬਾਅਦ ਵੀ ਮੰਗਾਂ ਦਾ ਨਿਪਟਾਰਾ ਨਹੀਂ ਕਰ ਰਹੀ।
ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੋਂ ਸਰਕਾਰ ਨੇ ਪਾਸਾ ਵੱਟ ਲਿਆ ਹੈ। ਥਾਂ-ਥਾਂ ’ਤੇ ਮੁਲਾਜ਼ਮ ਰੋਸ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਸਤਾ ਤੇ ਬਿਰਾਜਮਾਨ ਲੋਕ ਆਮ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਗੁਮਰਾਹ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਲੋਕਾਂ ਅਤੇ ਮੁਲਾਜ਼ਮਾਂ ਲਈ ਤਾਂ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਰਹੀ ਹੈ ਪਰ ਵਿਧਾਇਕਾਂ ਅਤੇ ਮੰਤਰੀਆਂ ਲਈ ਸਹੂਲਤਾਂ ਦੀ ਝਡ਼ੀ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਟ੍ਰਾਂਸਪੋਰਟ ਮਹਿਕਮੇ ਵਿਚ ਨਾਜਾਇਜ਼ ਅਪਰੇਸ਼ਨਾਂ ਨੂੰ ਬੰਦ ਕਰਨ ਲਈ ਸੁਪਰੀਮ ਕੋਰਟ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਜੰਗਲਾਤ ਵਿਭਾਗ, ਜਨ ਸਿਹਤ ਵਿਭਾਗ, ਮੰਡੀ ਬੋਰਡ ਵਿਚ ਮੁਲਾਜ਼ਮਾਂ ਨੂੰ ਤਿੰਨ-ਤਿੰਨ ਮਹੀਨੇ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਆਂਗਣਵਾਡ਼ੀ ਵਰਕਰਾਂ ਅਤੇ ਹੈਲਪਰਾਂ ’ਤੇ ਕੰਮ ਦਾ ਬੋਝ ਤਾਂ ਲੱਦਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਰੈਗੂਲਰ ਕਰਨ ਜਾਂ ਮਿਨੀਮਮ ਵੇਜ ਦੇ ਕਾਨੂੰਨ ਅਨੁਸਾਰ ਵੀ ਤਨਖਾਹ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਬੋਲਦਿਆ ਬੂਟਾ ਸਿੰਘ ਭੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਫਾਸਿਜ਼ਮ ਦੀਆਂ ਨੀਤੀਆਂ ’ਤੇ ਚੱਲ ਰਹੀ ਹੈ। ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਦੇ ਨਾਂ ’ਤੇ ਵੰਡ ਕੇ ਲਡ਼ਾਇਆ ਜਾ ਰਿਹਾ ਹੈ। ਅਮੀਰਾਂ ਦਾ ਤਾਂ ਅਰਬਾਂ ਕਰੋਡ਼ ਕਰਜ਼ਾ ਮੁਆਫ ਕੀਤਾ ਗਿਆ, ਪਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਤੋਂ ਟਾਲਾ ਵੱਟਿਆ ਹੈ। ਬੇਰੋਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਜਿਸ ਕਾਰਨ ਨੌਜਵਾਨ ਨਿਰਾਸ਼ਾ ਦੇ ਆਲਮ ’ਚ ਜਾ ਕੇ ਨਸ਼ਿਆਂ ਨਾਲ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਇਸ ਮੌਕੇ ਜ਼ਿਲਾ ਜ. ਸਕੱਤਰ ਭੂਪਿੰਦਰ ਸੇਖੋਂ ਨੇ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਨੇ ਮੁਲਾਜ਼ਮਾਂ ਤੋਂ 200 ਰੁਪਏ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਜਜ਼ੀਆ ਲੈਣਾ ਸ਼ੁਰੂ ਕੀਤਾ ਹੈ ਪਰ ਦੂਜੇ ਪਾਸੇ ਸਿਆਸੀ ਅਤੇ ਧਾਰਮਿਕ ਹਸਤੀਆਂ ਨੂੰ ਮਹਿੰਗੀਆਂ ਗੱਡੀਆਂ ਲੈ ਕੇ ਖਜ਼ਾਨੇ ਦਾ ਉਜਾਡ਼ਾ ਕਰ ਰਹੀ ਹੈ।
ਡੋਪ ਟੈਸਟ ਦੇ ਨਾਂ ’ਤੇ ਮੁਲਾਜ਼ਮਾਂ ਤੋਂ 1500-1500 ਰੁਪਇਆ ਲੁੱਟਿਆ ਜਾ ਰਿਹਾ ਹੈ। ਇਸ ਸਮੇਂ ਪ.ਸ.ਸ.ਫ. ਦੇ ਜ਼ਿਲਾ ਪ੍ਰਧਾਨ ਬਚਿੱਤਰ ਸਿੰਘ ਧੋਥਡ਼, ਚਮਕੌਰ ਸਿੰਘ ਡਗਰੂ, ਗੁਰਮੇਲ ਸਿੰਘ ਨਾਹਰ, ਹਰੀਬਹਾਦਰ ਬਿੱਟੂ, ਚਮਨ ਲਾਲ ਸੰਗੇਲੀਆ, ਪੋਹਲਾ ਸਿੰਘ ਬਰਾਡ਼, ਗੁਰਚਰਨ ਕੌਰ ਆਂਗਣਵਾਡ਼ੀ ਵਰਕਰਜ਼ ਆਗੂ, ਇੰਦਰਜੀਤ ਭਿੰਡਰ, ਜਸਪਾਲ ਸਿੰਘ ਪਾਲੀ, ਬਲਜਿੰਦਰ ਸਿੰਘ ਪਨਬੱਸ ਆਗੂ, ਬਲਵਿੰਦਰ ਕੌਰ ਖੋਸਾ ਆਦਿ ਨੇ ਸੰਬੋਧਨ ਕੀਤਾ। ਇਸ ਉਪਰੰਤ ਸਰਕਾਰ ਦਾ ਪੁਤਲਾ ਫੂਕਦੇ ਹੋਏ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਹ ਹਨ ਯੂਨੀਅਨ ਦੀਆਂ ਮੰਗਾਂ
* ਸਰਕਾਰ ਮਹਿੰਗਾਈ ਨੂੰ ਠੱਲ ਪਾਵੇ ਅਤੇ ਵਧੀ ਮਹਿੰਗਾਈ ਅਨੁਸਾਰ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਦੇਵੇ।
* ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਕੋਰਟਾਂ ਦੇ ਫੈਸਲੇ ਜਨਰਲਾਈਜ਼ ਕੀਤੇ ਜਾਣ।
* ਨਾਜਾਇਜ਼ ਆਪਰੇਸ਼ਨ ਬੰਦ ਕਰਕੇ ਪ੍ਰਾਈਵੇਟ ਟ੍ਰਾਂਸਪੋਰਟਰਾਂ ਨੂੰ ਲਾਹਾ ਦੇਣਾ ਬੰਦ ਕੀਤਾ ਜਾਵੇ।
* ਨਿੱਜੀਕਰਨ ਦੀਆਂ ਨੀਤੀਆਂ ਬੰਦ ਕਰਕੇ ਮਹਿਕਮਿਆਂ ਦਾ ਪ੍ਰਾਈਵੇਟਕਰਨ ਕਰਨਾ ਬੰਦ ਕੀਤਾ ਜਾਵੇ।
* ਸਕੂਲਾਂ ਵਿਚ ਇਕਸਾਰ ‘ਕਾਮਨ ਸਕੂਲ ਪ੍ਰਣਾਲੀ’ ਲਾਗੂ ਕੀਤੀ ਜਾਵੇ।