ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
Saturday, Jun 16, 2018 - 06:00 AM (IST)

ਅੰਮ੍ਰਿਤਸਰ (ਛੀਨਾ) - ਅਜਨਾਲਾ ਦੀਆਂ ਨੇੜਲੀਆਂ ਖੱਡਾਂ 'ਚੋਂ ਟਰੈਕਟਰ-ਟਰਾਲੀਆਂ ਰਾਹੀਂ ਰੇਤ ਦੀ ਹੋ ਰਹੀ ਨਾਜਾਇਜ਼ ਢੋਆ-ਢੁਆਈ ਵਿਰੁੱਧ ਅੱਜ ਸਮੂਹ ਟਰਾਂਸਪੋਰਟਰਾਂ ਨੇ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇਲਾਕੇ ਦੇ ਵੱਡੀ ਗਿਣਤੀ 'ਚ ਟਰੱਕ ਆਪ੍ਰੇਟਰਾਂ ਤੇ ਵਰਕਰਾਂ ਨੇ ਅਜਨਾਲਾ 'ਚ ਪੁਲਸ ਥਾਣੇ ਮੂਹਰੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਮੁਰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਾਉਂਦਿਆਂ ਆਪਣੀ ਖੂਬ ਭੜਾਸ ਕੱਢੀ।
ਇਸ ਮੌਕੇ ਸੰਬੋਧਨ ਕਰਦਿਆ ਗੁਰਮੇਜ ਸਿੰਘ ਮਠਾੜੂ, ਬਲਜੀਤ ਸਿੰਘ ਚਾਹੜਪੁਰ, ਹਰਜੀਤ ਸਿੰਘ ਪਹਿਲਵਾਨ, ਗੋਲਡੀ ਬਰਾੜ, ਅੰਗਰੇਜ਼ ਸਿੰਘ ਢਿੱਲੋਂ, ਮਹੰਤ ਚੰਦ, ਰੋਸ਼ਨ ਸਿੰਘ ਤੇ ਸਤਨਾਮ ਸਿੰਘ ਨੇ ਸਾਂਝੇ ਤੌਰ 'ਤੇ ਕਿਹਾ ਕਿ ਟਰਾਂਸਪੋਰਟਰਾਂ ਨੇ ਕਾਰੋਬਾਰ ਕਰਨ ਲਈ ਟਰੱਕ ਖਰੀਦੇ ਹੋਏ ਹਨ ਤੇ ਟਰੱਕਾਂ ਦੀਆਂ ਕਿਸ਼ਤਾਂ ਭਰਨ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਕਈ ਤਰ੍ਹਾਂ ਦੇ ਟੈਕਸ ਭੁਗਤਾਨ ਵੀ ਕੀਤੇ ਜਾਂਦੇ ਹਨ ਪਰ ਸਿਆਸੀ ਸ਼ਹਿ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਰੇਤ ਦੀ ਹੋ ਰਹੀ ਨਾਜਾਇਜ਼ ਢੋਆ-ਢੁਆਈ ਨੇ ਸਾਡੇ ਕਾਰੋਬਾਰ ਦਾ ਭੱਠਾ ਹੀ ਬਿਠਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਟਰੈਕਟਰ-ਟਰਾਲੀਆਂ ਰਾਹੀਂ ਰੇਤ ਦੀ ਢੋਆ-ਢੁਆਈ 'ਤੇ ਮਾਣਯੋਗ ਅਦਾਲਤ ਨੇ ਵੀ ਰੋਕ ਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਟਰੈਕਟਰ-ਟਰਾਲੀਆਂ ਨੂੰ ਬੰਦ ਕਰਨ ਲਈ ਕੋਈ ਉਚਿਤ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾ ਰਹੀ।
ਉਨ੍ਹਾਂ ਕਿਹਾ ਕਿ ਟਰੱਕ ਮਾਲਕਾਂ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉਨ੍ਹਾਂ ਲਈ ਟਰੱਕਾਂ ਦੀਆਂ ਕਿਸ਼ਤਾਂ ਭਰਨੀਆਂ ਤੇ ਹੋਰ ਬਾਕੀ ਸਾਰੇ ਖਰਚੇ ਪੂਰੇ ਕਰਨੇ ਵੀ ਔਖੇ ਹੋ ਗਏ ਹਨ, ਜਿਸ ਕਾਰਨ ਸਮੂਹ ਟਰੱਕ ਆਪ੍ਰੇਟਰਾਂ ਨੇ ਟਰੱਕਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਹੀ ਸੌਂਪ ਦੇਣ ਦਾ ਮਨ ਬਣਾ ਲਿਆ ਹੈ। ਮਾਮਲਾ ਵਿਗੜਦਾ ਦੇਖ ਕੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਧਰਨਕਾਰੀਆਂ ਕੋਲ ਪੁੱਜੇ ਤੇ ਇਹ ਸਾਰਾ ਮਾਮਲਾ ਐੱਸ. ਡੀ. ਐੱਮ. ਦੇ ਧਿਆਨ 'ਚ ਲਿਆ ਕੇ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਗੁੱਸੇ 'ਚ ਭਰੇ ਟਰਾਂਸਪੋਰਟਰਾਂ ਨੇ ਆਪਣੇ ਟਰੱਕਾਂ ਦੀਆਂ ਚਾਬੀਆਂ ਨਾਇਬ ਤਹਿਸੀਲਦਾਰ ਨੂੰ ਸੌਂਪਦਿਆਂ ਕਿਹਾ ਕਿ ਜਦੋਂ ਤੱਕ ਰੇਤ ਦੀ ਨਾਜਾਇਜ਼ ਢੋਆ-ਢੁਆਈ ਕਰਨ ਵਾਲੇ ਟਰੈਕਟਰ-ਟਰਾਲੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਹ ਚਾਬੀਆਂ ਪ੍ਰਸ਼ਾਸਨ ਆਪਣੇ ਕੋਲ ਹੀ ਰੱਖੇ।
ਅਖੀਰ 'ਚ ਸਮੂਹ ਧਰਨਕਾਰੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 24 ਘੰਟਿਆਂ 'ਚ ਨਾਜਾਇਜ਼ ਟਰੈਕਟਰ-ਟਰਾਲੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਅਜਨਾਲਾ-ਅੰਮ੍ਰਿਤਸਰ ਰੋਡ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਟਰਾਂਸਪੋਰਟਰ ਅਤੇ ਵਰਕਰ ਆਪਣੇ ਪਰਿਵਾਰਾਂ ਸਮੇਤ ਮਰਨ ਵਰਤ 'ਤੇ ਬੈਠ ਜਾਣਗੇ, ਜਿਸ ਤੋਂ ਬਾਅਦ ਪੈਦਾ ਹੋਣ ਵਾਲੀ ਹਰ ਤਰ੍ਹਾਂ ਦੀ ਸਥਿਤੀ ਲਈ ਸਥਾਨਕ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਵੇਗਾ।