ਬੀਤ ਭਲਾਈ ਕਮੇਟੀ ਨੇ ਫੂਕਿਆ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦਾ ਪੁਤਲਾ, ਬਦਸਲੂਕੀ ਦਾ ਲਾਇਆ ਇਲਜ਼ਾਮ
Thursday, Jan 19, 2023 - 09:28 PM (IST)
ਗੜ੍ਹਸ਼ੰਕਰ (ਸ਼ੋਰੀ): ਅੱਜ ਇੱਥੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵੱਲੋਂ ਕੱਲ ਬੀਤ ਭਲਾਈ ਕਮੇਟੀ ਦੇ ਆਗੂਆਂ ਅਤੇ ਬੀਤ ਦੇ ਲੋਕਾਂ ਨਾਲ ਕੀਤੀ ਬਦਸਲੂਕੀ ਦੇ ਖ਼ਿਲਾਫ਼ ਇਲਾਕਾ ਬੀਤ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਬੀਤ ਭਲਾਈ ਕਮੇਟੀ ਦੇ ਬੈਨਰ ਹੇਠ ਮੁੱਖ ਬੱਸ ਅੱਡੇ ਝੁੱਗੀਆਂ(ਬੀਣੇਵਾਲ )ਵਿਖੇ ਰੋਸ ਮਾਰਚ ਕਰਕੇ ਡਿਪਟੀ ਸਪੀਕਰ ਦਾ ਪੁੱਤਲਾ ਫੂਕਿਆ ਗਿਆ।
ਇਹ ਖ਼ਬਰ ਵੀ ਪੜ੍ਹੋ - Breaking News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਮੁਲਤਵੀ, 29 ਨੂੰ ਪਟਿਆਲਾ 'ਚ ਕਰਨੀ ਸੀ ਰੈਲੀ
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਵੱਲੋਂ ਜਿੱਥੇ ਬੀਤ ਦੇ ਲੋਕਾਂ ਦੀਆਂ ਬਹੁਤ ਹੀ ਹੱਕੀ, ਜਾਇਜ਼ ਅਤੇ ਜ਼ਰੂਰੀ ਮੰਗਾਂ ਨੂੰ ਅਣਗੌਲਿਆਂ ਕਰਕੇ ਉਨ੍ਹਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਉੱਥੇ ਆਪਣੀਆਂ ਮੰਗਾਂ ਸਬੰਧੀ ਯਾਦ ਪੱਤਰ ਦੇਣ ਗਏ ਬੀਤ ਭਲਾਈ ਕਮੇਟੀ ਦੇ ਆਗੂਆਂ ਅਤੇ ਬੀਤ ਦੇ ਲੋਕਾਂ ਨੂੰ ਅਪਸ਼ਬਦ ਬੋਲ਼ ਕੇ ਅਪਮਾਨਿਤ ਕੀਤਾ ਗਿਆ ਹੈ ਜਿਸ ਨੂੰ ਬੀਤ ਦੇ ਅਣਖੀ ਲੋਕ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਬੁਲਾਰਿਆਂ ਨੇ ਜਿੱਥੇ ਬੀਤ ਇਲਾਕੇ ਦੀਆਂ ਸੜਕਾਂ, ਹਸਪਤਾਲ, ਬਿਜਲੀ ਸਪਲਾਈ, ਪਾਣੀ, ਫੈਕਟਰੀ ਪ੍ਰਦੂਸ਼ਣ, ਜੰਗਲੀ ਜਾਨਵਰਾਂ ਦੁਆਰਾ ਕੀਤੇ ਜਾ ਰਹੇ ਉਜਾੜੇ ਅਤੇ ਬੱਸ ਸਰਵਿਸ ਆਦਿ ਸਬੰਧੀ ਮੁੱਦੇ ਚੁੱਕੇ ਉੱਥੇ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਤਾਨਾਸ਼ਾਹ ਰੌੜੀ ਤੋਂ ਡਿਪਟੀ ਸਪੀਕਰ ਦਾ ਅਹੁਦਾ ਵਾਪਸ ਲਿਆ ਜਾਵੇ।
ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਦੀ ਹਵਾਈ ਫਾਇਰ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ, ਪੁਲਸ ਨੇ ਕੀਤਾ ਗ੍ਰਿਫ਼ਤਾਰ
ਇਸ ਪ੍ਰਦਰਸ਼ਨ ਵਿਚ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਬੀਤ ਭਲਾਈ ਕਮੇਟੀ ਦੇ ਆਗੂਆਂ ਰਮੇਸ਼ ਲਾਲ ਕਿਸਾਨਾ ਚੇਅਰਮੈਨ, ਬਲਵੀਰ ਸਿੰਘ ਬੈਂਸ ਪ੍ਰਧਾਨ, ਤੀਰਥ ਸਿੰਘ ਮਾਨ, ਰਾਮਜੀ ਦਾਸ ਚੌਹਾਨ, ਕੁਲਭੂਸ਼ਣ ਕੁਮਾਰ, ਦਵਿੰਦਰ ਕੁਮਾਰ, ਜਗਦੇਵ ਸਿੰਘ ਮਾਂਸੋਵਾਲ ਮੋਹਿੰਦਰ ਸਿੰਘ ਲੰਬੜਦਾਰ, ਰਾਜਵਿੰਦਰ ਸਿੰਘ ਸਰਪੰਚ ਨੇ ਸੰਬੋਧਨ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।