ਰੇਲਵੇ ਫਾਟਕ ਬੰਦ ਕਰਨ ਦੇ ਵਿਰੋਧ ''ਚ ਬਡੇਸਰੋਂ ਵਾਸੀਆਂ ਵੱਲੋਂ ਧਰਨਾ

10/14/2017 6:06:14 AM

ਗੜ੍ਹਸ਼ੰਕਰ/ਸੈਲਾ ਖੁਰਦ, (ਪਾਠਕ, ਬੈਜ ਨਾਥ, ਅਰੋੜਾ)- ਜੇਜੋਂ ਦੋਆਬਾ-ਨਵਾਂਸ਼ਹਿਰ ਰੇਲਵੇ ਰੂਟ ਨੇੜੇ ਪੈਂਦਾ ਮਨੁੱਖ ਰਹਿਤ ਫਾਟਕ ਰੇਲਵੇ ਵਿਭਾਗ ਵੱਲੋਂ ਬੰਦ ਕਰਨ ਦੇ ਵਿਰੋਧ ਵਿਚ ਅੱਜ ਪਿੰਡ ਬਡੇਸਰੋਂ ਦੇ ਸਰਪੰਚ ਸੁਰਜੀਤ ਸਿੰਘ ਦੀ ਅਗਵਾਈ ਵਿਚ ਪਿੰਡ ਵਾਸੀਆਂ ਨੇ ਟਰੈਕ 'ਤੇ ਰੋਸ ਧਰਨਾ ਦਿੱਤਾ ਅਤੇ ਰੇਲਵੇ ਵਿਭਾਗ ਖਿਲਾਫ ਨਾਅਰੇਬਾਜ਼ੀ ਕੀਤੀ। 
ਇਸ ਬਾਰੇ ਪਤਾ ਲੱਗਣ 'ਤੇ ਰੋਸ ਧਰਨੇ ਵਾਲੀ ਥਾਂ 'ਤੇ ਸਥਾਨਕ ਪੁਲਸ ਪ੍ਰਸ਼ਾਸਨ ਸਮੇਤ ਰੇਲਵੇ ਪੁਲਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪੁੱਜ ਗਏ। ਇਹ ਰੋਸ ਧਰਨਾ ਸਵੇਰੇ ਕਰੀਬ 9 ਵਜੇ ਸ਼ੁਰੂ ਹੋਇਆ, ਜੋ ਬਾਅਦ ਦੁਪਹਿਰ ਤੱਕ ਚੱਲਿਆ। ਇਸ ਦੌਰਾਨ 11 ਵਜੇ ਜੇਜੋਂ ਦੋਆਬਾ ਵੱਲ ਜਾਣ ਵਾਲੀ ਰੇਲ ਗੱਡੀ ਵੀ ਰੱਦ ਕਰ ਦਿੱਤੀ ਗਈ।
ਬਸਪਾ ਦੇ ਸਥਾਨਕ ਹਲਕਾ ਇੰਚਾਰਜ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਾਹਮਣੇ ਇਕ ਮਨੁੱਖ ਰਹਿਤ ਰੇਲਵੇ ਫਾਟਕ ਕਿਸਾਨਾਂ ਦੇ ਖੇਤਾਂ ਵੱਲ ਨਿਕਲਦਾ ਹੈ ਅਤੇ ਇਹ ਰਸਤਾ ਅੱਗੋਂ ਰਾਮਪੁਰ ਬਿਲੜੋਂ ਪਿੰਡ ਨੂੰ ਜਾਂਦਾ ਹੈ। ਉਨ੍ਹਾਂ ਕਈ ਵਾਰ ਰੇਲਵੇ ਵਿਭਾਗ ਨੂੰ ਇਥੇ ਫਾਟਕ ਲਾਉਣ ਦੀ ਅਪੀਲ ਕੀਤੀ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਰੇਲਵੇ ਕਰਮਚਾਰੀ ਇਹ ਫਾਟਕ ਬੰਦ ਕਰਨ ਲਈ ਪੁੱਜ ਗਏ, ਜਿਨ੍ਹਾਂ ਨੂੰ ਦੇਖਦਿਆਂ ਹੀ ਪਿੰਡ ਵਾਸੀ ਰੋਹ 'ਚ ਆ ਗਏ ਅਤੇ ਉਨ੍ਹਾਂ ਰੇਲਵੇ ਰੂਟ 'ਤੇ ਧਰਨਾ ਦੇ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰੇਲਵੇ ਵਿਭਾਗ ਦੀ ਇਸ ਧੱਕੇਸ਼ਾਹੀ ਕਰ ਕੇ ਉਨ੍ਹਾਂ ਨੂੰ 2 ਕਿਲੋਮੀਟਰ ਦੂਰੋਂ ਘੁੰਮ ਕੇ ਆਉਣਾ ਪਵੇਗਾ, ਜਿਸ ਕਰ ਕੇ ਉਨ੍ਹਾਂ ਨੂੰ 10 ਮਿੰਟਾਂ ਦਾ ਸਫਰ 40 ਮਿੰਟਾਂ 'ਚ ਤਹਿ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਬਾਰੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਕ ਸ਼ਿਕਾਇਤ ਕੀਤੀ ਗਈ ਹੈ, ਜਿਸ ਦੇ ਆਧਾਰ 'ਤੇ ਐੱਸ. ਡੀ. ਐੱਮ. ਗੜ੍ਹਸ਼ੰਕਰ ਵੱਲੋਂ ਵੀ ਇਹ ਰਸਤਾ ਬੰਦ ਨਾ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। 
ਉਨ੍ਹਾਂ ਕਿਹਾ ਕਿ ਰੇਲਵੇ ਦੇ ਇਸ ਫੈਸਲੇ ਖਿਲਾਫ਼ ਉਹ ਸੰਘਰਸ਼ ਕਰਨਗੇ ਅਤੇ ਉਸ ਵੱਲੋਂ ਇਸ ਸਬੰਧੀ ਲਿਖਤੀ ਪ੍ਰਵਾਨਗੀ ਮਿਲਣ 'ਤੇ ਹੀ ਰੋਸ ਧਰਨਾ ਚੁੱਕਿਆ ਜਾਵੇਗਾ। ਇਸ ਦੌਰਾਨ ਰੇਲਵੇ ਵਿਭਾਗ ਤੋਂ ਐਡੀਸ਼ਨਲ ਡਵੀਜ਼ਨ ਮੈਨੇਜਰ ਧਰਮ ਸਿੰਘ ਮੌਕੇ 'ਤੇ ਪੁੱਜੇ ਅਤੇ ਰੇਲਵੇ ਫਾਟਕ ਬੰਦ ਕਰਨ ਦੀ ਕਾਰਵਾਈ ਰੁਕਵਾਈ। ਉਨ੍ਹਾਂ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਦੀ ਮੰਗ ਉੱਚ ਅਧਿਕਾਰੀਆਂ ਤੱਕ ਪਹੁੰਚਾਉਣਗੇ, ਜਿਸ ਪਿੱਛੋਂ ਪਿੰਡ ਵਾਸੀਆਂ ਨੇ ਇਹ ਧਰਨਾ ਸਮਾਪਤ ਕੀਤਾ।
ਇਸ ਮੌਕੇ ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਰਛਪਾਲ ਕੁਮਾਰ ਰਾਜੂ, ਗੁਰਲਾਲ ਸੈਲਾ, ਪਿੰਡ ਬਡੇਸਰੋਂ ਦੇ ਮੈਂਬਰ ਪੰਚਾਇਤ ਲਛਮਣ ਸਿੰਘ, ਸੁਰਿੰਦਰ ਕੌਰ, ਰਾਜਵਿੰਦਰ ਕੌਰ, ਨੰਬਰਦਾਰ ਦਿਲਦਾਰ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਭੋਲਾ ਰਾਮ, ਕੈਪਟਨ ਸੁਖਦੇਵ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।


Related News