'ਨਾਗਰਿਕਤਾ ਸੋਧ ਐਕਟ' ਖਿਲਾਫ ਲੁਧਿਆਣਾ 'ਚ ਸ਼ੁਰੂ ਹੋਇਆ ਪੱਕਾ ਧਰਨਾ
Wednesday, Feb 12, 2020 - 04:14 PM (IST)

ਲੁਧਿਆਣਾ (ਨਰਿੰਦਰ) : ਦਿੱਲੀ ਦੇ ਸ਼ਾਹੀਨ ਬਾਗ ਦੀ ਤਰਜ਼ 'ਤੇ 'ਨਾਗਰਿਕਤਾ ਸੋਧ ਐਕਟ' ਖਿਲਾਫ ਲੁਧਿਆਣਾ ਦੀ ਜਾਮਾ ਮਸਜਿਦ ਵਲੋਂ ਵੀ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਲੰਧਰ-ਬਾਈਪਾਸ ਚੌਂਕ 'ਚ ਇਸ ਧਰਨੇ ਦੀ ਸ਼ੁਰੂਆਤ ਕੀਤੀ ਗਈ ਹੈ। ਬੁੱਧਵਾਰ ਨੂੰ ਸਾਰੇ ਧਰਮਾਂ ਦੇ ਨੁਮਾਇੰਦਿਆਂ ਨੇ ਇਕੱਤਰ ਹੋ ਕੇ ਧਰਨੇ ਦੀ ਸ਼ੁਰੂਆਤ ਕੀਤੀ। ਇਹ ਧਰਨਾ ਸਵੇਰੇ 10 ਵਜੇ ਤੋਂ ਰਾਤ ਤੱਕ ਚੱਲੇਗਾ। ਇਸ ਬਾਰੇ ਗੱਲ ਕਰਦਿਆਂ ਮਸਜਿਦ ਨੇ ਨਾਇਬ ਸ਼ਾਹੀ ਇਮਾਮ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਇਸ ਧਰਨੇ ਦੀ ਪੱਕੇ ਤੌਰ 'ਤੇ ਸ਼ੁਰੂਆਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਧਰਨਾ ਸ਼ਾਂਤਮਈ ਢੰਗ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਸਿਆਸੀ ਪਾਰਟੀ ਦਾ ਉਨ੍ਹਾਂ ਨੂੰ ਸਮਰਥਨ ਨਹੀਂ ਮਿਲ ਰਿਹਾ ਹੈ ਪਰ ਜੇਕਰ ਕੋਈ ਧਰਨੇ 'ਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਖੁੱਲ੍ਹਾ ਸੱਦਾ ਹੈ। ਇਸ ਮੌਕੇ ਸਿੱਖ ਜੱਥੇਬੰਦੀਆਂ ਵਲੋਂ ਲੰਗਰ ਵੀ ਲਿਆਂਦਾ ਗਿਆ ਅਤੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਤੋਂ ਲੰਗਰ ਦੀ ਸੇਵਾ ਵੀ ਧਰਨੇ 'ਚ ਲਾਈ ਗਈ।