ਆਗੂ ''ਤੇ ਸਿਆਸੀ ਰੰਜਿਸ਼ ਕਾਰਨ ਦਰਜ ਕੀਤੇ ਨਾਜਾਇਜ਼ ਪਰਚੇ ਖਿਲਾਫ ਪੁਲਸ ਪ੍ਰਸ਼ਾਸਨ ਦੀ ਫੂਕੀ ਅਰਥੀ

11/20/2017 8:16:02 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ (ਪੰਜਾਬ) ਦੇ ਪ੍ਰਧਾਨ ਚਰਨਜੀਤ ਛਾਂਗਾਰਾਏ ਅਤੇ ਗੁਰੂਹਰਸਹਾਏ ਪੁਲਸ ਵੱਲੋਂ ਸਿਆਸੀ ਰੰਜਿਸ਼ ਕਾਰਨ ਕੀਤੇ ਨਾਜਾਇਜ਼ ਪਰਚੇ ਖਿਲਾਫ ਬਲਾਕ ਸਕੱਤਰ ਗੁਰਦਿੱਤ ਦੀਨਾ ਦੀ ਅਗਵਾਈ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ 'ਚ ਗੁਰੂਹਰਸਾਏ ਪੁਲਸ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਜਥੇਬੰਦੀ ਦੀ ਕੌਮੀ ਗਰਲਜ਼ ਕਮੇਟੀ ਦੀ ਕਨਵੀਨਰ ਕਰਮਵੀਰ ਬੱਧਨੀ ਅਤੇ ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਦੇ ਜ਼ਿਲਾ ਪ੍ਰਧਾਨ ਇੰਦਰਜੀਤ ਦੀਨਾ ਨੇ ਕਿਹਾ ਕਿ ਚਰਨਜੀਤ ਆਪਣੀ ਜਥੇਬੰਦੀ ਏ. ਆਈ. ਐੱਸ. ਐੱਫ. ਦਾ ਪੰਜਾਬ ਪ੍ਰਧਾਨ, ਰੋਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਆਗੂ ਹੈ ਅਤੇ ਲੋਕ ਹਿੱਤਾਂ ਲਈ ਕਿਰਤੀ ਜਮਾਤ ਵੱਲੋਂ ਲੜੇ ਜਾਂਦੇ ਘੋਲਾਂ ਦਾ ਸਰਗਰਮ ਆਗੂ ਹੈ। ਪਿਛਲੇ ਦਿਨਾਂ 'ਚ ਵੀ. ਸੀ. ਪੀ. ਆਈ. ਵੱਲੋਂ ਪਿੰਡ ਬਾਜੇਕੇ ਦੇ ਜ਼ਮੀਨੀ ਵਿਵਾਦ 'ਚ ਪੀੜਤ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਸੀ, ਜੋ ਅਜੇ ਵੀ ਜਾਰੀ ਹੈ, ਜਿਸ ਦੀ ਸਾਥੀ ਚਰਨਜੀਤ ਸਿੰਘ ਛਾਂਗਾਰਾਏ ਅੱਗੇ ਵੱਧ ਕੇ ਅਗਵਾਈ ਕਰ ਰਿਹਾ ਹੈ ਅਤੇ ਜ਼ਮੀਨੀ ਵਿਵਾਦ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਪੰਜਾਬ ਪੁਲਸ ਵਿਰੁੱਧ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਕਾਰਨ ਪੁਲਸ ਦੇ ਅੱਖਾਂ 'ਚ ਰੜਕਦਾ ਸੀ।
ਆਗੂਆਂ ਨੇ ਕਿਹਾ ਕਿ ਜਿਵੇਂ ਪਹਿਲਾਂ ਜ਼ਮੀਨ 'ਤੇ ਕਬਜ਼ਾ ਕਰ ਕੇ ਮਾਮਲੇ ਨੂੰ ਰਫਾ-ਦਫ਼ਾ ਕਰਨ ਲਈ ਰਾਜਸੀ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸਾਥੀ ਛਾਂਗਾਰਾਏ ਨੂੰ ਝੂਠੇ ਪਰਚੇ 'ਚ ਫਸਾ ਕੇ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਨੀਤੀ ਘੜੀ ਜਾ ਰਹੀ ਹੈ, ਜਿਸ ਨੂੰ ਜਥੇਬੰਦੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
ਇਸ ਸਮੇਂ ਬਲਾਕ ਨਿਹਾਲ ਸਿੰਘ ਦੇ ਸੀ. ਪੀ. ਆਈ. ਦੇ ਸਕੱਤਰ ਜਗਜੀਤ ਸਿੰਘ ਅਤੇ ਮਹਿੰਦਰ ਧੂੜਕੋਟ ਨੇ ਜਥੇਬੰਦੀ ਦੀ ਹਮਾਇਤ ਕਰਦਿਆਂ ਭਰੋਸਾ ਦਿਵਾਇਆ ਕਿ ਜੇਕਰ ਉਪਰੋਕਤ ਪਰਚਾ ਰੱਦ ਨਾ ਕੀਤਾ ਗਿਆ ਤਾਂ ਪਾਰਟੀ ਅਤੇ ਮਗਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਵੀ ਇਸ ਸੰਘਰਸ਼ 'ਚ ਵਿਦਿਆਰਥੀ ਜਥੇਬੰਦੀ ਦਾ ਸਾਥ ਦੇਵੇਗੀ ਅਤੇ ਜਥੇਬੰਦੀ ਸੰਘਰਸ਼ ਨੂੰ ਤੇਜ਼ ਕਰਦਿਆਂ ਪੂਰੇ ਪੰਜਾਬ 'ਚ ਪ੍ਰਦਰਸ਼ਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


Related News