ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਅਤੇ ਕੁੱਕ ਵਰਕਰਾਂ ਕੀਤਾ ਰੋਹ ਭਰਪੂਰ ਪ੍ਰਦਰਸ਼ਨ
Sunday, Aug 13, 2017 - 08:15 AM (IST)
ਪਟਿਆਲਾ (ਜੋਸਨ) - ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੇਵਲ 1700 ਰੁਪਏ ਪ੍ਰਤੀ ਮਹੀਨਾ ਤਨਖਾਹ 'ਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਮਿਡ-ਡੇ ਮੀਲ ਕੁੱਕ ਵਰਕਰਾਂ ਅਤੇ ਸੇਵਾ ਨਿਯਮਾਂ ਤਹਿਤ ਭਰਤੀ ਹੋਣ ਦੇ ਬਾਵਜੂਦ ਰੈਗੂਲਰਾਈਜ਼ੇਸ਼ਨ ਤੋਂ ਵਾਂਝੇ ਦਫਤਰੀ ਮੁਲਾਜ਼ਮਾਂ ਵੱਲੋਂ ਸੈਂਕੜਿਆਂ ਦੀ ਗਿਣਤੀ ਵਿਚ ਸਥਾਨਕ ਨਹਿਰੂ ਪਾਰਕ ਵਿਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ। ਉਨ੍ਹਾਂ ਮੁੱਖ ਮੰਤਰੀ ਦੇ ਨਾਂ ਤੇ ਤਹਿਸੀਲਦਾਰ ਰਣਜੀਤ ਸਿੰਘ ਰਾਹੀਂ ਮੰਗ-ਪੱਤਰ ਵੀ ਦਿੱਤਾ। ਇਕੱਤਰ ਮਿਡ-ਡੇ ਮੀਲ ਕੁੱਕ ਵਰਕਰਾਂ ਅਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਦਫਤਰੀ ਮੁਲਾਜ਼ਮ ਅਤੇ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ (ਡੀ. ਐੈੱਮ. ਐੈੱਫ.) ਦੇ ਸੂਬਾਈ ਆਗੂ ਦਵਿੰਦਰ ਸਿੰਘ ਪੂਨੀਆ ਨੇ ਮੰਗ ਕੀਤੀ ਕੇ ਸਕੂਲਾਂ ਅੰਦਰ ਕੰਮ ਕਰਦੇ ਮਿਡ-ਡੇ ਮੀਲ ਅਤੇ ਪਾਰਟ ਟਾਈਮ ਸਫਾਈ ਵਰਕਰਾਂ ਨੂੰ ਘੱਟੋ-ਘੱਟ ਉਜਰਤਾਂ ਦੇ ਕਾਨੂੰਨ ਹੇਠ ਲਿਆ ਕੇ ਪ੍ਰਤੀ ਮਹੀਨਾ ਕ੍ਰਮਵਾਰ 8348 ਰੁਪਏ ਅਤੇ 7568 ਰੁਪਏ ਤਨਖਾਹ ਦਿੱਤੀ ਜਾਵੇ। ਸਰਕਾਰ ਦੇ ਸਾਰੇ ਸੇਵਾ ਨਿਯਮਾਂ ਨੂੰ ਪੂਰਾ ਕਰਦੇ ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਮਿਡ-ਡੇ ਮੀਲ ਵਰਕਰਾਂ ਨੂੰ ਸਾਲ ਵਿਚ 10 ਮਹੀਨੇ ਤਨਖਾਹ ਦੇਣ ਦਾ ਫੈਸਲਾ ਵਾਪਸ ਲੈ ਕੇ 12 ਮਹੀਨੇ ਤਨਖਾਹ ਦਿੱਤੀ ਜਾਵੇ। ਸਹਾਇਕ ਬਲਾਕ ਮੈਨੇਜਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ। ਵਰਕਰਾਂ ਨੂੰ ਹਰੇਕ ਕਿਸਮ ਦੀਆਂ ਅਚਨਚੇਤੀ, ਮੈਡੀਕਲ ਛੁੱਟੀਆਂ ਅਤੇ 6 ਮਹੀਨੇ ਦੀ ਜਣੇਪਾ ਛੁੱਟੀ ਦਿੱਤੀ ਜਾਵੇ। ਵਰਕਰਾਂ ਦੀ ਛਾਂਟੀ ਕਰਨ ਦੇ ਅਧਿਕਾਰ ਸਕੂਲ ਮੈਨੇਜਮੈਂਟ ਕਮੇਟੀਆਂ ਤੋਂ ਵਾਪਸ ਲਏ ਜਾਣ ਅਤੇ ਛਾਂਟੀ ਕੀਤੇ ਵਰਕਰ ਬਹਾਲ ਕੀਤੇ ਜਾਣ। ਬੱਚਿਆਂ ਦੀ ਗਿਣਤੀ ਘਟਣ ਕਾਰਨ ਸਰਪਲੱਸ ਹੋਏ ਵਰਕਰਾਂ ਨੂੰ ਬੱਚਿਆਂ ਦੀ ਵਧੀ ਹੋਈ ਗਿਣਤੀ ਵਾਲੇ ਲਾਗਲੇ ਸਕੂਲਾਂ ਵਿਚ ਐਡਜਸਟ ਕੀਤਾ ਜਾਵੇ। ਜ਼ਿਲਾ ਆਗੂਆਂ ਕੁਲਵਿੰਦਰ ਕੌਰ ਟੋਰਾਂ ਤੇ ਆਸ਼ਾ ਦੇਵੀਗੜ੍ਹ ਨੇ ਮੰਗ ਕੀਤੀ ਕੇ ਮਿਡ-ਡੇ ਮੀਲ ਵਰਕਰਾਂ ਕੋਲੋਂ ਖਾਣਾ ਬਣਾਉਣ ਤੋਂ ਬਗੈਰ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਅਤੇ ਹਰੇਕ ਸਕੂਲ ਵਿਚ ਘੱਟੋ-ਘੱਟ ਇਕ ਸਫਾਈ ਵਰਕਰ ਨਿਯੁਕਤ ਕੀਤੀ ਜਾਵੇ। ਮਿਡ-ਡੇ ਮੀਲ ਵਰਕਰਾਂ ਦਾ ਘੱਟੋ-ਘੱਟ 2 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ। ਦੁਰਘਟਨਾ ਹੋ ਜਾਣ ਦੀ ਸੂਰਤ ਵਿਚ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ 'ਤੇ ਅਤੇ ਜਾਨੀ ਨੁਕਸਾਨ ਹੋ ਜਾਣ ਦੀ ਸੂਰਤ ਵਿਚ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਲਦ ਮੰਗਾਂ ਦਾ ਹੱਲ ਨਾ ਹੋਣ 'ਤੇ 30 ਅਗਸਤ ਨੂੰ ਮੁੱਖ ਮੰਤਰੀ ਦੇ ਚੋਣ ਹਲਕੇ ਪਟਿਆਲਾ ਵਿਚ ਹੀ ਹਜ਼ਾਰਾਂ ਮਿਡ-ਡੇ ਮੀਲ ਦਫਤਰੀ ਮੁਲਾਜ਼ਮਾਂ ਤੇ ਵਰਕਰਾਂ ਵੱਲੋਂ ਸੂਬਾ ਪੱਧਰ ਦੀ ਰੈਲੀ ਕਰ ਕੇ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਤੇ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਤਰਕ ਮੁਹੰਮਦ, ਪਿੰਕੀ ਖਰਾਬਗੜ੍ਹ, ਕਸ਼ਮੀਰ ਕੌਰ, ਪਰਮਜੀਤ ਕੌਰ, ਸੁਦੇਸ਼ ਹੰਡਾਣਾ, ਜਸਵੀਰ ਕੌਰ ਸਨੌਰ, ਗੁਲਜ਼ਾਰ ਕੌਰ, ਕਰਮਜੀਤ ਕੌਰ, ਪ੍ਰਭਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਸੈਫਦੀਪੁਰ, ਗੁਰਭਜਨ ਕੌਰ ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਤੋਂ ਵਿਕਰਮ ਦੇਵ ਸਿੰਘ, ਅਤਿੰਦਰਪਾਲ ਘੱਗਾ, ਦੇਸਰਾਜ, ਅਮਨਦੀਪ ਸਿੰਘ ਦੇਵੀਗੜ੍ਹ, ਪਰਮਵੀਰ ਸਿੰਘ, ਹਰਵਿੰਦਰ ਰੱਖੜਾ, ਐੈੱਸ. ਐੈੱਸ. ਏ. ਰਮਸਾ ਟੀਚਰਜ਼ ਯੂਨੀਅਨ ਤੋਂ ਹਰਦੀਪ ਟੋਡਰਪੁਰ, 5178 ਮਾਸਟਰ ਕਾਡਰ ਯੂਨੀਅਨ ਤੋਂ ਕੁਲਦੀਪ ਗੋਬਿੰਦਪੁਰਾ, ਐੈੱਸ. ਐੈੱਸ. ਏ. ਦਫ਼ਤਰੀ ਮੁਲਾਜ਼ਮ ਯੂਨੀਅਨ ਤੋਂ ਚਮਕੌਰ ਸਿੰਘ ਅਤੇ ਹਰਦੇਵ ਸਿੰਘ, ਈ. ਜੀ. ਐੈੱਸ., ਐੈੱਸ. ਟੀ. ਆਰ., ਏ. ਆਈ. ਈ. ਟੀਚਰਜ਼ ਯੂਨੀਅਨ ਰੋਹਿਤ ਕੌਸ਼ਲ, ਗੁਰਜੀਤ ਸਿੰਘ ਮਿੱਠੂ ਖਾਨ, ਭਰਤ ਕੁਮਾਰ, ਭੁਪਿੰਦਰ ਸਿੰਘ ਅਤੇ ਡੀ. ਟੀ. ਐੈੱਫ. ਆਗੂ ਲਖਵਿੰਦਰ ਰੁੜਕੀ ਵੀ ਮੌਜੂਦ ਸਨ।
