ਮਾਛੀਵਾੜਾ ਤੇ ਸਮਰਾਲਾ ''ਚ ਤੇਲ ਕੀਮਤਾਂ ਖ਼ਿਲਾਫ਼ ਸੜਕਾਂ ''ਤੇ ਵਾਹਨ ਖੜ੍ਹੇ ਕਰਕੇ ਕੀਤਾ ਗਿਆ ਪ੍ਰਦਰਸ਼ਨ
Thursday, Jul 08, 2021 - 01:17 PM (IST)
ਮਾਛੀਵਾੜਾ ਸਾਹਿਬ/ਸਮਰਾਲਾ (ਟੱਕਰ, ਸੰਜੇ ਗਰਗ) : ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਅਤੇ ਆੜ੍ਹਤੀਆਂ ਵੱਲੋਂ ਸੜਕਾਂ ’ਤੇ ਆਪਣੇ ਟਰੈਕਟਰ ਤੇ ਹੋਰ ਵਾਹਨ ਖੜ੍ਹੇ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਤੇਲ ਕੀਮਤਾਂ ਵਿਚ ਕੀਤੇ ਵਾਧੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਸੁਖਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਏ ਦਿਨ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਵਾਧਾ ਕਰ ਲੋਕਾਂ 'ਤੇ ਮਹਿੰਗਾਈ ਦੀ ਦੋਹਰੀ ਮਾਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਕਿਸਾਨਾਂ ਨੂੰ ਝੋਨੇ ਲਈ 8 ਘੰਟੇ ਬਿਜਲੀ ਨਹੀਂ ਮਿਲ ਰਹੀ ਅਤੇ ਦੂਜੇ ਪਾਸੇ ਫ਼ਸਲਾਂ ਦੀ ਸਿੰਚਾਈ ਲਈ ਮਹਿੰਗੇ ਡੀਜ਼ਲ ਨੇ ਉਨ੍ਹਾਂ ਉੱਪਰ ਵਾਧੂ ਆਰਥਿਕ ਬੋਝ ਪਾ ਦਿੱਤਾ ਹੈ, ਜਿਸ ਕਾਰਨ ਖੇਤੀ ਘਾਟੇ ਵਾਲਾ ਸੌਦਾ ਸਾਬਿਤ ਹੋ ਰਹੀ ਹੈ।
ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਬਰ ਨੂੰ ਪਰਖਿਆ ਜਾ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਅੰਨਦਾਤੇ ਨਾਲ ਧੱਕੇਸ਼ਾਹੀ ਕਰਕੇ ਇਹ ਸੌਦਾ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗੈਸ ਸਿਲੰਡਰਾਂ ਦੇ ਰੇਟਾਂ ’ਚ ਵਾਧਾ ਕਰ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਹੈ, ਜਿਸ ਕਾਰਨ ਅੱਜ ਹਰੇਕ ਵਰਗ ਮੋਦੀ ਸਰਕਾਰ ਖਿਲਾਫ਼ ਸੜਕਾਂ ’ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਕਿਸਾਨਾਂ ਤੇ ਆੜ੍ਹਤੀਆਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਪੈਟਰੋਲੀਅਮ ਪਦਾਰਥਾਂ ਵਿਚ ਕੀਤੇ ਵਾਧੇ ਨੂੰ ਵਾਪਸ ਲਵੇ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ, ਆੜ੍ਹਤੀ ਐਸੋ. ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਨੰਬਰਦਾਰ ਦਰਸ਼ਨ ਸਿੰਘ ਮਿੱਠੇਵਾਲ, ਟਹਿਲ ਸਿੰਘ ਔਜਲਾ, ਜੱਥੇ. ਮਨਮੋਹਣ ਸਿੰਘ ਖੇੜਾ, ਪਰਮਿੰਦਰ ਸਿੰਘ ਗਿੱਲ, ਗੁਰਨਾਮ ਸਿੰਘ ਨਾਗਰਾ, ਅਰਵਿੰਦਰਪਾਲ ਸਿੰਘ ਵਿੱਕੀ, ਨਿਤਿਨ ਜੈਨ, ਮਨੀ ਬਰਾੜ, ਕਰਮਜੀਤ ਸਿੰਘ, ਮਨਜੀਤ ਸਿੰਘ ਪਵਾਤ, ਇੰਦਰਜੀਤ ਸਿੰਘ ਸੈਣੀ, ਮਨਰਾਜ ਲੁਬਾਣਗੜ੍ਹ, ਹਰਬੰਸ ਸਿੰਘ, ਪਾਲੀ ਮਾਂਗਟ, ਗੁਰਜੰਟ ਸਿੰਘ ਗਰੇਵਾਲ, ਨਿਰਮਲ ਸਿੰਘ ਗਰੇਵਾਲ, ਸਰਵਣ ਸਿੰਘ ਮਾਂਗਟ, ਕਰਮਜੀਤ ਸਿੰਘ ਅਢਿਆਣਾ, ਅਜਮੇਰ ਸਿੰਘ, ਗੁਰਦੀਪ ਸਿੰਘ ਗਿੱਲ, ਸੁਭਾਸ਼ ਨਾਗਪਾਲ ਆਦਿ ਵੀ ਮੌਜੂਦ ਸਨ।
ਸਮਰਾਲਾ 'ਚ ਵੀ ਕੀਤਾ ਗਿਆ ਰੋਸ ਪ੍ਰਦਰਸ਼ਨ
ਸਮਰਾਲਾ (ਗਰਗ) : ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਆਸਮਾਨ ਛੂਹੰਦੀਆਂ ਤੇਲ ਕੀਮਤਾਂ ਅਤੇ ਰਿਕਾਰਡ ਤੋੜਦੀ ਮਹਿੰਗਾਈ ਖ਼ਿਲਾਫ਼ ਵੀਰਵਾਰ ਨੂੰ ਸਮਰਾਲਾ 'ਚ ਵੀ ਕਿਸਾਨਾਂ ਵੱਲੋਂ ਭਾਰੀ ਰੋਸ ਵਿਖਾਵਾ ਕੀਤਾ ਗਿਆ। ਵੱਖ-ਵੱਖ ਕਿਸਾਨ ਸੰਗਠਨਾਂ ਅਤੇ ਹੋਰ ਜੱਥੇਬੰਦੀਆਂ ਨੇ ਸਮਰਾਲਾ ਬਾਈਪਾਸ 'ਤੇ ਆਪਣੀਆਂ ਗੱਡੀਆਂ ਸੜਕ ਕਿਨਾਰੇ ਖੜ੍ਹੀਆਂ ਕਰਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਵੀ ਲੋਕਾਂ ਨੇ ਖਾਲੀ ਗੈਸ ਸਿਲੰਡਰ ਸੜਕਾਂ 'ਤੇ ਰੱਖ ਕੇ ਪ੍ਰਦਰਸ਼ਨ ਕੀਤਾ। ਸਮਰਾਲਾ ਦੇ ਨਵੇ ਬਾਈਪਾਸ ਸਮੇਤ ਘੁਲਾਲ਼ ਟੋਲ ਪਲਾਜ਼ਾ 'ਤੇ ਸਵੇਰੇ 10 ਵਜੇ ਤੋਂ ਸ਼ੁਰੂ ਹੋਏ ਰੋਸ ਪ੍ਰਦਰਸ਼ਨ ਵਿਚ ਵੱਖ-ਵੱਖ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹਨ। ਇਸ ਮੌਕੇ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਨੂੰ ਤਬਾਹ ਕਰਨ ਵਾਲੇ ਫ਼ੈਸਲੇ ਲਏ ਜਾ ਰਹੇ ਹਨ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ 84 ਫ਼ੀਸਦੀ ਟੈਕਸ ਲਗਾ ਕੇ ਆਪਣੇ ਖਜ਼ਾਨੇ ਭਰਨ ਵਿਚ ਲੱਗੀ ਹੋਈ ਹੈ। ਇਸੇ ਦੌਰਾਨ ਕਈ ਕਿਸਾਨ ਜੱਥੇਬੰਦੀਆਂ ਵੱਲੋਂ ਘੁਲਾਲ਼ ਟੋਲ ਪਲਾਜ਼ਾ ਸਮੇਤ ਦਿਆਲਪੁਰਾ ਬਾਈਪਾਸ 'ਤੇ ਧਰਨਾ ਵੀ ਲਗਾ ਦਿੱਤਾ ਗਿਆ ਹੈ।