ਲੋਕਾਂ ਵੱਲੋਂ ਉਸਾਰਿਆ ਕਮਰਾ ਢਾਹੁਣ ਦੇ ਵਿਰੋਧ ’ਚ ਨਗਰ ਕੌਂਸਲ ਦਾ ਘਿਰਾਓ

07/11/2018 8:12:56 AM

ਭਵਾਨੀਗਡ਼੍ਹ (ਅੱਤਰੀ) - ਵਾਰਡ ਨੰਬਰ 4 ਦੇ ਵਾਸੀਆਂ ਵੱਲੋਂ ਉਸਾਰੇ ਕਮਰੇ ਨੂੰ ਨਗਰ ਕੌਂਸਲ ਵੱਲੋਂ ਢਾਹੁਣ ਦੇ ਰੋਸ ਵਜੋਂ ਮੰਗਲਵਾਰ  ਨੂੰ ਨਗਰ ਕੌਂਸਲ ਦਾ ਘਿਰਾਓ ਕਰਨ ਉਪਰੰਤ  ਨਾਅਰੇਬਾਜ਼ੀ ਕੀਤੀ ਗਈ।
 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਹੈਪੀ, ਸੁਖਵੀਰ ਸਿੰਘ, ਮੰਗਲ ਸ਼ਰਮਾ, ਮੱਖਣ ਸਿੰਘ ਆਦਿ ਨੇ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ, ਉਪ ਪ੍ਰਧਾਨ ਅਤੇ ਇੰਸਪੈਕਟਰ ਨੇ ਉਕਤ ਮੁਹੱਲੇ ਦੇ ਲੋਕਾਂ ਨਾਲ ਇਸ ਮੁਹੱਲੇ ’ਚ ਟਾਵਰ ਲਾਉਣ ਬਦਲੇ ਉਨ੍ਹਾਂ ਨੂੰ ਧਰਮਸ਼ਾਲਾ ਲਈ ਪਹਿਲਾਂ ਦਿੱਤੀ ਥਾਂ ਤੋਂ 10 ਗਜ ਵੱਧ ਜਗ੍ਹਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਨਗਰ ਕੌਂਸਲ ਟਾਵਰ ਲਾਉਣ ਤੋਂ ਬਾਅਦ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਮੁਹੱਲਾ ਵਾਸੀਆਂ ਨੂੰ ਜਗ੍ਹਾ ਨਹੀਂ ਦਿੱਤੀ,  ਜਿਸ ਤੋਂ ਮਗਰੋਂ ਮੁਹੱਲਾ ਵਾਸੀਆਂ ਨੇ ਟਾਵਰ ਲੱਗਣ ਤੋਂ ਬਾਅਦ ਬੱਚਦੀ ਥਾਂ ’ਤੇ ਮੁਹੱਲੇ ਵਿਚੋਂ ਪੈਸੇ ਇਕੱਠੇ ਕਰ ਕੇ ਉਥੇ ਇਕ ਕਮਰੇ ਦੀ ਉਸਾਰੀ ਕਰ ਲਈ, ਜਿਸ ਨੂੰ ਨਗਰ ਕੌਂਸਲ ਨੇ ਅੱਜ ਤਾਨਾਸ਼ਾਹੀ ਵਾਲਾ ਰਵੱਈਆ ਅਪਣਾਉਂਦਿਆਂ ਮੁਹੱਲਾ ਵਾਸੀਆਂ ਨੂੰ ਬਿਨਾਂ ਸੂਚਿਤ ਕੀਤਿਆਂ  ਢਾਹ ਦਿੱਤਾ। ਲੋਕਾਂ ਦੱਸਿਆ ਕਿ ਨਗਰ ਕੌਂਸਲ ਨੇ ਇਕ ਮਤਾ ਪਾਸ ਕਰਦਿਆਂ ਉਕਤ ਥਾਂ 2002 ’ਚ ਮੁਹੱਲਾ ਵਾਸੀਆਂ ਨੂੰ ਧਰਮਸ਼ਾਲਾ ਬਣਾਉਣ ਲਈ ਦਿੱਤੀ  ਸੀ, ਜਿਸ ’ਤੇ ਉਸ ਸਮੇਂ ਦੇ ਪ੍ਰਧਾਨ ਅਤੇ ਕੌਂਸਲਰਾਂ ਦੇ ਦਸਤਖਤ ਵੀ ਹਨ। ਇਸ ਤੋਂ ਇਲਾਵਾ  ਉਦੋਂ ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਕਹਿਣ ’ਤੇ ਉਕਤ ਥਾਂ ’ਤੇ ਆਪਣੇ ਖਰਚੇ ’ਤੇ ਭਰਤ ਵੀ ਪਾ ਦਿੱਤੀ ਸੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ  ਨੂੰ ਬਣਦਾ ਹੱਕ ਦਿੱਤਾ ਜਾਵੇ।
 ਇਸ ਮੌਕੇ ਹਰਬੰਸ ਸਿੰਘ, ਭਿੰਦਰ ਸਿੰਘ, ਪਰਮਜੀਤ ਕੌਰ, ਸੁਰਜੀਤ ਕੌਰ, ਸਦੀਕ ਖਾਨ, ਪਾਲ ਕੌਰ, ਕਰਮਜੀਤ ਕੌਰ, ਭੂਰੀ, ਅਵਤਾਰ ਸਿੰਘ ਅਤੇ ਦੇਵ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣੈ ਕਾਰਜ ਸਾਧਕ ਅਫਸਰ ਦਾ
ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਸੰਜੇ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਥਾਂ ’ਤੇ ਗੈਰ ਕਾਨੂੰਨੀ ਉਸਾਰੀ ਕੀਤੀ ਜਾ ਰਹੀ ਸੀ, ਜਿਸ ਨੂੰ ਉਨ੍ਹਾਂ ਫੌਰੀ ਕਾਰਵਾਈ ਕਰਦਿਆਂ ਢਾਹ ਦਿੱਤਾ ਹੈ।

 


Related News