ਕਿਸਾਨ ਜਥੇਬੰਦੀ ਵੱਲੋਂ ਡੀ. ਸੀ. ਦਫਤਰਾਂ ਲੱਗਣ ਵਾਲੇ ਧਰਨੇ ਮੁਲਤਵੀ
Monday, Oct 04, 2021 - 11:35 AM (IST)
ਜੰਡਿਆਲਾ ਗੁਰੂ (ਸੁਰਿੰਦਰ, ਸ਼ਰਮਾ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖ਼ਤੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੰਜਾਬ ’ਚ ਝੋਨੇ ਦੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ, ਜਿਸ ਕਰਕੇ ਜਥੇਬੰਦੀ ਵੱਲੋਂ ਪੰਜਾਬ ਦੇ 12 ਡੀ. ਸੀ. ਦਫਤਰਾਂ ਅੱਗੇ ਲੱਗਣ ਵਾਲੇ ਧਰਨੇ ਮੁਲਤਵੀ ਕਰ ਦਿੱਤੇ ਗਏ ਹਨ ਅਤੇ ਪੰਜਾਬ ਸਰਕਾਰ ਨੂੰ ਮੰਡੀਆਂ ’ਚ ਬਾਰਦਾਨੇ ਸਮੇਤ ਸਾਰੇ ਪ੍ਰਬੰਧ ਪੁਖ਼ਤਾ ਕਰਨ ਲਈ ਆਖਿਆ। ਜੇਕਰ ਕਿਸੇ ਵੀ ਮੰਡੀ ’ਚ ਸਰਕਾਰੀ ਖਰੀਦ ’ਚ ਢਿੱਲਮੱਠ ਹੋਈ ਤਾਂ ਮੌਕੇ ’ਤੇ ਮਾਰਕੀਟ ਕਮੇਟੀ ਦਫਤਰਾਂ ਦੇ ਘਿਰਾਓ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ 15 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਕਾਰਪੋਰੇਟ ਦੇ ਹੱਕ ’ਚ ਖੜੀ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਪੁਤਲੇ ਫੂਕੇ ਜਾਣਗੇ ਅਤੇ ਰੋਸ ਮੁਜਾਹਰੇ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਝੋਨੇ ਦੀ ਖਰੀਦ 25 ਕੁਇੰਟਲ ਕਰਨ ਦੀ ਸ਼ਰਤ ਵਾਪਿਸ ਲੈਣ ਤੇ ਨਮੀਂ 22% ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ : ਪੰਜਾਬ ਦੇ ਵਫ਼ਦ ਨੂੰ ਯੂ. ਪੀ. 'ਚ ਨਹੀਂ ਮਿਲੀ ਐਂਟਰੀ, ਸਰਕਾਰ ਨੇ ਲਾਈ ਪਾਬੰਦੀ
ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਕੇਂਦਰੀ ਗ੍ਰਹਿ ਮੰਤਰੀ ਅਤੇ ਯੂ. ਪੀ. ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜ੍ਹੇ ਕਿਸਾਨਾਂ ’ਤੇ ਗੱਡੀ ਚੜ੍ਹਾ ਦਿੱਤੀ ਗਈ ਸੀ, ਜਿਸ ’ਚ 4 ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ ਸਨ। ਸਥਾਨਕ ਚਸ਼ਮਦੀਦਾਂ ਮੁਤਾਬਕ ਇਸ ਗੱਡੀ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਤੇ ਉਨ੍ਹਾਂ ਦੇ ਹੋਰ ਨਜ਼ਦੀਕੀ ਸਵਾਰ ਸਨ।
ਇਹ ਵੀ ਪੜ੍ਹੋ : ਡਿਊਟੀ ਸਮੇਂ ਦੌਰਾਨ ਗੋਲਫ ਦਾ ਲੁਤਫ ਲੈਣ ਵਾਲੇ ਪੁਲਸ ਅਫਸਰ ਗ੍ਰਹਿ ਮੰਤਰੀ ਰੰਧਾਵਾ ਦੇ ਨਿਸ਼ਾਨੇ ’ਤੇ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ