ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਕੀਤਾ ਰੋਸ ਪ੍ਰਦਰਸ਼ਨ

Tuesday, Jul 10, 2018 - 02:45 AM (IST)

ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਕੀਤਾ ਰੋਸ ਪ੍ਰਦਰਸ਼ਨ

ਗੋਨਿਆਣਾ(ਗੋਰਾ ਲਾਲ)- ਸਥਾਨਕ ਨਗਰ ਕੌਂਸਲ ਦੇ ਠੇਕੇ ’ਤੇ ਕੰਮ ਕਰ ਰਹੇ ਸਫਾਈ ਸੇਵਕਾਂ ਨੇ ਸਫਾਈ ਇੰਚਾਰਜ ਵੱਲੋਂ ਉਨ੍ਹਾਂ ਲਈ ਵਰਤੀ ਗਈ ਭਦੀ ਸ਼ਬਦਾਬਲੀ ਅਤੇ ਛੇੜ-ਛਾੜ ਦੇ ਮਾਮਲੇ ਨੂੰ ਲੈ ਕੇ ਅਤੇ ਉਸ ਖਿਲਾਫ ਕਾਰਵਾਈ ਨਾ ਹੋਣ ਕਾਰਨ ਅੱਜ ਨਗਰ ਕੌਂਸਲ ਦੇ ਦਫਤਰ ਵਿਖੇ ਧਰਨਾ ਦਿੱਤਾ। ਮੁੱਖ ਸ਼ਿਕਾਇਤਕਰਤਾ ਸਫਾਈ ਸੇਵਕਾ ਨੀਨਾ ਤੇ ਉਸ ਦੇ ਸਾਥੀ ਸੂਰਜ, ਮੀਨੂੰ, ਮਾਨ ਸਿੰਘ, ਰਵਿੰਦਰ ਕੁਮਾਰ, ਦੀਪਕ, ਰਾਜ ਰਾਣੀ, ਮੰਗਤ ਰਾਮ, ਅਸ਼ੋਕ, ਰਾਕੇਸ਼, ਵਿਜੇ ਪਾਲ, ਸੰਦੀਪ ਕੁਮਾਰ, ਕੋਸ਼ਲਿਆ ਤੇ ਅਮਿਤ ਨੇ  ਲਿਖਤੀ ਸ਼ਿਕਾਇਤ ਰਾਹੀਂ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਉਹ ਠੇਕੇਦਾਰੀ ਸਿਸਟਮ ਰਾਹੀਂ ਨਗਰ ਕੌਂਸਲ ਗੋਨਿਆਣਾ ਵਿਖੇ ਬਤੌਰ ਸਫਾਈ ਸੇਵਕ ਪਿਛਲੇ 10-15 ਸਾਲ ਤੋਂ ਕੰਮ ਕਰ ਰਹੇ ਹਨ। ਅੱਜ ਸਵੇਰ ਸਮੇਂ ਜਦ ਉਹ ਨਗਰ ਕੌਂਸਲ ਦਫਤਰ ਵਿਚ ਆਪਣੀ ਹਾਜ਼ਰੀ ਲਾਉਣ ਆਏ ਤਾਂ ਸਫਾਈ ਇੰਚਾਰਜ ਰਾਜੀਵ ਕੁਮਾਰ ਨੇ ਮਹਿਲਾ ਸਫਾਈ ਸੇਵਕਾਂ ਕੋਲ ਆ ਕੇ ਸਾਰੀਆਂ ਮਹਿਲਾ ਸਫਾਈ ਸੇਵਕਾਂ ਨੂੰ ਟਰਾਲੀ ’ਤੇ ਜਾ ਕੇ ਸ਼ਹਿਰ ਅੰਦਰੋਂ ਕੂੜਾ ਟਰਾਲੀ ਵਿਚ ਪਾ ਕੇ ਡੰਪ ’ਤੇ ਉਤਾਰ ਕੇ ਆਉਣ ਨੂੰ ਕਿਹਾ। ਜਦ ਉਸ ਨੂੰ ਕਿਹਾ ਗਿਆ ਕਿ ਇਹ ਕੰਮ ਪਹਿਲਾਂ ਤੋਂ ਹੀ ਸਿਰਫ ਆਦਮੀ ਹੀ ਕਰਦੇ ਹਨ ਅਤੇ ਅਸੀਂ ਨਹੀਂ ਕਰਦੇ ਤਾਂ ਉਕਤ ਸਫਾਈ ਇੰਚਾਰਜ ਨੇ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਧੱਕਾ ਵੀ ਮਾਰਿਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਕਤ ਸਫਾਈ ਇੰਚਾਰਜ ਪਹਿਲਾਂ ਵੀ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਰਿਹਾ ਹੈ ਤੇ ਸਾਨੂੰ ਅਪਸ਼ਬਦ ਬੋਲਦਾ ਹੈ। ਉਕਤ ਮਾਮਲੇ ਨੂੰ ਲੈ ਕੇ ਸਫਾਈ ਕਰਮਚਾਰੀਆਂ ਨੇ ਸਫਾਈ ਇੰਚਾਰਜ ਦੇ ਘਰ ਅੱਗੇ ਕੂੜਾ ਸੁੱਟ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਉਸ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸੰਬੰਧੀ ਸਫਾਈ ਸੇਵਕਾਂ ਨੇ ਡਿਪਟੀ ਡਾਈਕਰੈਕਟਰ, ਐੱਸ. ਐੱਸ. ਪੀ. ਬਠਿੰਡਾ, ਕਾਰਜਸਾਧਕ ਅਫਸਰ ਗੋਨਿਆਣਾ ਤੇ ਥਾਣਾ ਨੇਹੀਆਂ ਵਾਲਾ ਦੇ ਐੱਸ. ਐੱਚ. ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਉਕਤ ਸਫਾਈ ਇੰਚਾਰਜ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਾਮਲੇ ਦਾ ਪਤਾ ਲੱਗਦੇ ਹੀ ਸਾਰੇ ਕੌਂਸਲਰਾਂ ਦੀ ਨਗਰ ਕੌਂਸਲ ਵਿਚ ਮੀਟਿੰਗ ਹੋਈ ਪਰ ਕੋਈ ਵੀ ਫੈਸਲਾ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਪ੍ਰਧਾਨ ਦੇ ਹੁਕਮਾਂ ਰਾਹੀਂ ਉਕਤ ਸਫਾਈ ਇੰਚਾਰਜ ਦੀ ਜਗ੍ਹਾ ’ਤੇ ਹੀਰਾ ਲਾਲ ਕਰਕਰੇ ਨੂੰ ਸਫਾਈ ਇੰਚਾਰਜ ਲਾ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਸਫਾਈ ਸੇਵਕ ਨਗਰ ਕੌਂਸਲ ‘ਚ ਧਰਨੇ ਤੇ ਹੀ ਬੈਠੇ ਸਨ । ਜਦੋਂ ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਿਪਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਥੋਡ਼ੇ ਸਮੇਂ ਲਈ ਨਗਰ ਕੌਂਸਲ ‘ਚ ਆਇਆ ਸੀ। ਉਨ੍ਹਾਂ ਉਥੇ ਪਹੁੰਚ ਕੇ ਪਤਾ ਲੱਗਿਆ ਕਿ ਸਫਾਈ ਸੇਵਕਾਂ ਅਤੇ ਕਲਰਕ ਰਾਜੀਵ ਕੁਮਾਰ ਵਿਚਕਾਰ ਕੋਈ ਰੌਲਾ ਪਿਆ ਹੋਇਆ ਹੈ। ਮੇਰੇ ਕੋਲ ਅਜੇ ਕਿਸੇ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ। ਲਿਖਤੀ ਸ਼ਿਕਾਇਤ ਆਉਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕੇਗੀ । ਜਦੋਂ ਇਸ ਸੰਬੰਧੀ ਸਫਾਈ ਇੰਚਾਰਜ ਰਾਜੀਵ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੀਆਂ ਮਹਿਲਾਂ ਸਫਾਈ ਕਰਮਚਾਰੀਆਂ ਨੂੰ ਕੰਮ ਤੇ ਜਾਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਲਗਾਏ ਦੋਸ਼ ਝੂਠੇ ਹਨ ਅਤੇ ਉਹ ਕਿਸੇ ਵੀ ਮਹਿਲਾ ਨਾਲ ਕੋਈ ਸ਼ਰਾਰਤ ਨਹੀਂ ਕੀਤੀ ਅਤੇ ਨਾ ਹੀ ਕੋਈ ਜਾਤੀ ਸੂਚਕ ਸ਼ਬਦ ਬੋਲੇ ਹਨ ।  ਜਦੋਂ ਇਸ ਸੰਬੰਧੀ ਚੌਂਕੀ ਇੰਚਾਰਜ ਬੂਟਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੋਨਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ। ਕੱਲ ਸਵੇਰ ਸਮੇਂ ਉਕਤ ਮਹਿਲਾਵਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਅਤੇ ਬਿਆਨਾ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ । 


Related News