ਪਨਬੱਸਾਂ ਦਾ ਰਿਹਾ ਚੱਕਾ ਜਾਮ, ਪੀ. ਆਰ. ਟੀ. ਸੀ. ਤੇ ਨਿੱਜੀ ਬੱਸਾਂ ਨੇ ਸੰਭਾਲੀ ਕਮਾਨ
Tuesday, Jun 26, 2018 - 04:29 AM (IST)
ਲੁਧਿਆਣਾ(ਮੋਹਿਨੀ)- ਰਾਜ ਸਰਕਾਰ ਤੋਂ ਆਪਣੀਆਂ ਬਕਾਇਆ ਮੰਗਾਂ ਨੂੰ ਲੈ ਕੇ ਪਨਬੱਸ ਰੋਡਵੇਜ਼ ਮੁਲਾਜ਼ਮਾਂ ਦੀ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਜਿਸ ਦੇ ਨਤੀਜੇ ਵਜੋਂ ਪਨਬੱਸ ਮੁਲਾਜ਼ਮ ਸੰਘਰਸ਼ ਦੇ ਰਾਹ ਤੁਰ ਪਏ ਹਨ। ਹੜਤਾਲ ਕਾਰਨ ਪਨਬੱਸ ਲੁਧਿਆਣਾ ਡਿਪੂਆਂ ਦੀਆਂ 110 ਦੇ ਕਰੀਬ ਬੱਸਾਂ ਖੜ੍ਹੀਆਂ ਹੋ ਗਈਆਂ ਹਨ। ਪੰਜਾਬ ਰੋਡਵੇਜ਼ ਪਨਬੱਸ ਕੰਟ੍ਰੈਕਟ ਵਰਕਰਜ਼ ਯੂਨੀਅਨ ਨੇ ਪੰਜਾਬ ਭਰ ਦੇ ਡਿਪੂਆਂ ਨੂੰ ਬੰਦ ਕਰ ਕੇ ਇਕ ਦਿਨਾ ਹੜਤਾਲ ਕਰ ਕੇ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ, ਜਿਸ ਨਾਲ ਸਰਕਾਰ ਦੇ ਰੈਵੇਨਿਊ ਦਾ ਕਾਫੀ ਨੁਕਸਾਨ ਹੋਇਆ। ਪਨਬੱਸ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਬੱਸ ਅੱਡੇ 'ਤੇ ਮੋਰਚਾ ਸੰਭਾਲਿਆ ਹੋਇਆ ਸੀ ਅਤੇ ਰੋਸ ਮਾਰਚ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਸਵੇਰ 10 ਵਜੇ ਪੂਰੇ ਬੱਸ ਅੱਡੇ ਨੂੰ ਖਾਲੀ ਕਰਵਾ ਦਿੱਤਾ ਅਤੇ ਕਿਸੇ ਵੀ ਬੱਸ ਨੂੰ ਅੰਦਰ ਅਤੇ ਬਾਹਰ ਨਹੀਂ ਜਾਣ ਦਿੱਤਾ। ਇਸ ਹੜਤਾਲ ਦੀ ਅਗਵਾਈ ਡਿਪੂ ਪ੍ਰਧਾਨ ਸਿਕੰਦਰ ਸਿੰਘ ਅਤੇ ਜਨਰਲ ਸਕੱਤਰ ਅਮਰਜੀਤ ਸਿੰਘ ਨੇ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਸਿੰਘ ਜੋਧਾਂ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਪਾਰਟੀ ਦੀ ਸਰਕਾਰ ਬਣੇ ਪਰ ਅੱਜ ਤੱਕ ਉਨ੍ਹਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਨਹੀਂ ਦਿੱਤੀ। ਵਿਭਾਗ ਦੇ ਉੱਚ ਅਧਿਕਾਰੀ ਸਿਰਫ ਟਾਲਮਟੋਲ ਵਾਲੀ ਨੀਤੀ ਅਪਣਾ ਕੇ ਗੁੰਮਰਾਹ ਕਰਨ 'ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। 8 ਤੋਂ 10 ਹਜ਼ਾਰ ਤਨਖਾਹ ਦੇ ਕੇ ਕੰਮ 12-15 ਘੰਟੇ ਲਿਆ ਜਾ ਰਿਹਾ ਹੈ ਜਿਸ ਨਾਲ ਸਰਕਾਰ ਲੇਬਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਪ੍ਰਧਾਨ ਸਿਕੰਦਰ ਸਿੰਘ ਅਤੇ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਡਾਇਰੈਕਟਰ ਟਰਾਂਸਪੋਰਟ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਲਈ ਕਿਸੇ ਵੀ ਗੱਲਬਾਤ ਨੂੰ ਪ੍ਰਵਾਨਗੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੱਚੇ ਮੁਲਾਜ਼ਮ ਕਦੇ ਪੱਕੇ ਹੋ ਸਕਣ। ਉਨ੍ਹਾਂ ਨੇ ਕੈਪਟਨ ਸਰਕਾਰ ਦੀ ਵਾਅਦਾ ਖਿਲਾਫੀ ਦੀ ਯਾਦ ਦੁਆਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਪਾਲਿਸੀ ਬਦਲਣ 'ਤੇ ਜ਼ੋਰ ਦਿੱਤਾ ਸੀ ਪਰ ਉਨ੍ਹਾਂ ਦੇ ਵਾਅਦੇ ਹਵਾ ਹਵਾਈ ਹੋ ਕੇ ਰਹਿ ਗਏ ਹਨ। ਅੱਜ ਵੀ ਬਾਦਲ ਦੀਆਂ ਬੱਸਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਨਿੱਜੀਕਰਨ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦਾ ਫਾਇਦਾ ਨਿੱਜੀ ਬੱਸ ਆਪ੍ਰੇਟਰ ਲੈ ਰਹੇ ਹਨ ਅਤੇ ਰੋਡਵੇਜ਼ ਦਾ ਖ਼ਜ਼ਾਨਾ ਖਾਲੀ ਹੋ ਰਿਹਾ ਹੈ। ਗੁਰਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਅੱਜ ਦੀ ਇਸ ਹੜਤਾਲ ਨਾਲ ਰੋਡਵੇਜ਼ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਸਰਕਾਰ ਇਸ ਘਾਟੇ ਨੂੰ ਸਹਿਣ ਕਰ ਸਕਦੀ ਹੈ ਪਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨ ਸਕਦੀ, ਜਿਸ ਕਾਰਨ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹੜਤਾਲ ਤੋਂ ਬਾਅਦ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਸੰਘਰਸ਼ ਤੇਜ਼ ਕਰਦੇ ਹੋਏ ਟਰਾਂਸਪੋਰਟ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਏਟਕ ਦੇ ਹਰਬੰਸ ਸਿੰਘ ਪੰਧੇਰ, ਮਨਜੀਤ ਸਿੰਘ ਗਿੱਲ, ਬਲਰਾਜ ਸਿੰਘ, ਜਤਿੰਦਰ ਸੋਨੀ, ਸੁਖਵਿੰਦਰ ਬੱਬੂ, ਧਰਮਜੀਤ ਸਿੰਘ, ਜਗਰਾਜ ਸਿੰਘ, ਜਸਵਿੰਦਰ ਸਿੰਘ, ਕਿਰਨਦੀਪ ਸਿੰਘ, ਸਤਵਿੰਦਰ ਸਿੰਘ, ਬਲਬੀਰ ਸਿੰਘ, ਸਵਰਣ ਸਿੰਘ, ਦਰਸ਼ਨ ਸਿੰਘ, ਜਗਦੀਸ਼ ਚੰਦ, ਜਤਿੰਦਰ ਪਾਲ ਆਦਿ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਕੇ ਆਪਣੀ ਭੜਾਸ ਕੱਢੀ।
ਬੱਸ ਅੱਡਾ ਰਿਹਾ ਸੁੰਨਸਾਨ ਯਾਤਰੀਆਂ ਨੇ ਝੱਲੀ ਪ੍ਰੇਸ਼ਾਨੀ
ਹੜਤਾਲ ਕਾਰਨ ਨਿੱਜੀ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਸਵੇਰੇ ਹੀ ਬੱਸ ਅੱਡੇ ਤੋਂ ਬਾਹਰ ਚਲੀਆਂ ਗਈਆਂ ਜਿਸ ਕਾਰਨ ਪੂਰਾ ਬੱਸ ਅੱਡਾ ਸੁੰਨਾ-ਸੁੰਨਾ ਲੱਗ ਰਿਹਾ ਸੀ, ਨਾਲ ਹੀ ਬੱਸ ਅੱਡੇ 'ਤੇ ਆਏ ਯਾਤਰੀਆਂ ਨੂੰ ਕੋਈ ਵੀ ਸਰਕਾਰੀ ਬੱਸ ਨਾ ਮਿਲਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ।
