ਬੀ. ਐੱਲ. ਓਜ਼ ਦਾ ਕੰਮ ਵਾਪਸ ਨਾ ਲਏ ਜਾਣ ਕਾਰਨ ਅਧਿਆਪਕਾਂ ’ਚ ਰੋਸ
Friday, Jun 22, 2018 - 12:10 AM (IST)
ਜ਼ੀਰਾ(ਗੁਰਮੇਲ ਸੇਖ਼ਵਾਂ)-ਅਧਿਆਪਕਾਂ ਤੋਂ ਲਏ ਜਾਂਦੇ ਵਾਧੂ ਕੰਮ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਸਾਂਝਾ ਅਧਿਆਪਕ ਮੋਰਚਾ ਨੇ ਐੱਸ .ਡੀ. ਐੱਮ. ਅਮਿਤ ਗੁਪਤਾ ਜ਼ੀਰਾ ਨੂੰ ਮੰਗ-ਪੱਤਰ ਸੌਂਪ ਕੇ ਬੀ. ਐੱਲ .ਓਜ਼ ਦਾ ਕੰਮ ਵਾਪਸ ਲੈਣ ਦੀ ਮੰਗ ਰੱਖੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਵਿੰਦਰ ਸਿੰਘ ਭੁੱਟੋ, ਨਵੀਨ ਕੁਮਾਰ ਸਚਦੇਵਾ ਤੇ ਦੀਦਾਰ ਸਿੰਘ ਨੇ ਦੱਸਿਆ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨੇ ਜ਼ਿਲਾ ਪ੍ਰਸ਼ਾਸਨ ਨੂੰ ਦੋ ਵਾਰ ਪੱਤਰ ਜਾਰੀ ਕਰ ਕੇ ਅਧਿਆਪਕਾਂ ਤੋਂ ਇਹ ਵਾਧੂ ਕੰਮ ਵਾਪਸ ਲੈਣ ਲਈ ਕਿਹਾ ਹੈ ਪਰ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪੱਤਰਾਂ ਨੂੰ ਅਮਲ ਵਿਚ ਨਹੀਂ ਲਿਆਂਦਾ ਜਾ ਰਿਹਾ, ਜਿਸ ਕਾਰਨ ਅਧਿਆਪਕ ਵਰਗ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੀ. ਐੱਲ. ਓਜ਼ ਨੂੰ ਪਿਛਲੇ ਇਕ ਸਾਲ ਤੋਂ ਇਹ ਮਿਹਨਤਾਨਾ ਜਾਰੀ ਨਹੀਂ ਕੀਤਾ ਗਿਆ ਤੇ ਬੀ. ਐੱਲ. ਓਜ਼. ਰਜਿਸਟਰ ਆਨਲਾਈਨ ਕਰਵਾਉਣ ਲਈ ਆਪਣੇ ਕੋਲੋਂ ਪੈਸੇ ਪਰਚ ਕਰ ਕੇ ਕੰਪਿਊਟਰ ਅਾਪ੍ਰੇਟਰਾਂ ਤੋਂ ਰਜਿਸਟਰ ਆਨਲਾਈਨ ਕਰਵਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅੰਗਹੀਣ ਅਧਿਆਪਕਾਂ, ਕੁਆਰੀਆਂ ਲਡ਼ਕੀਆਂ ਅਤੇ ਵਿਧਵਾ ਅਧਿਆਪਕਾਂ ਨੂੰ ਵੀ ਬੀ. ਐੱਲ. ਓਜ਼ ਦੀਆਂ ਡਿਊਟੀਆਂ ’ਤੇ ਲਾਇਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੀਆਂ ਮੰਗਾਂ ਜਲਦ ਮੰਨੀਆਂ ਜਾਣ। ਇਸ ਮੌਕੇ ਮਨੀਸ਼ ਕੁਮਾਰ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਹਰਪਾਲ ਸਿੰਘ, ਗੁਰਪਾਲ ਸਿੰਘ, ਅਸ਼ੋਕ ਕੁਮਾਰ, ਪ੍ਰੇਮ ਸਿੰਘ, ਸਤਿੰਦਰ ਸਿੰਘ, ਦਿਨੇਸ਼ ਸ਼ਰਮਾ, ਸਤਨਾਮ ਸਿੰਘ, ਗੁਲਸ਼ਨ ਕੁਮਾਰ, ਚੰਦ ਸਿੰਘ ਆਦਿ ਹਾਜ਼ਰ ਸਨ।
