ਸਿਵਲ ਪ੍ਰਸ਼ਾਸਨ ਖਿਲਾਫ ਸੈਂਕੜੇ ਦਲਿਤਾਂ ਵਲੋਂ ਰੋਸ ਧਰਨਾ
Sunday, Jun 10, 2018 - 12:28 AM (IST)

ਨਾਭਾ(ਜੈਨ, ਭੁਪਿੰਦਰ ਭੂਪਾ, ਜਗਨਾਰ)-ਪਿਛਲੇ ਦਿਨੀਂ ਕੈਂਟ ਰੋਡ ਡਿਫੈਂਸ ਕਾਲੋਨੀ ਲਾਗੇ ਪਿੱਪਲ ਦੇ ਸੁੱਕੇ ਦਰੱਖਤ ਦੇ ਟਾਹਣੇ ਡਿੱਗਣ ਕਾਰਨ 24 ਸਾਲਾ ਨੌਜਵਾਨ ਨਿਸ਼ਾਨਾ ਸਿੰਘ (ਬੰਟੀ) ਦੀ ਦਰਦਨਾਕ ਮੌਤ ਤੇ ਉਸ ਦੀ 26 ਸਾਲਾ ਭੈਣ ਮਨਪ੍ਰੀਤ ਕੌਰ ਉਰਫ ਗਗਨ ਦੇ ਗੰਭੀਰ ਫੱਟੜ ਹੋਣ ਦਾ ਮਾਮਲਾ ਅੱਜ ਉਸ ਸਮੇਂ ਗਰਮਾ ਗਿਆ ਜਦੋਂ ਘਟਨਾ ਦੇ 28 ਘੰਟਿਆਂ ਬਾਅਦ ਵੀ ਐੱਸ. ਡੀ. ਐੱਮ. ਜਸ਼ਨਪ੍ਰੀਤ ਕੌਰ ਨੇ ਪੀੜਤ ਪਰਿਵਾਰ ਨਾਲ ਨਾ ਹੀ ਕੋਈ ਹਮਦਰਦੀ ਪ੍ਰਗਟ ਕੀਤੀ ਅਤੇ ਨਾ ਹੀ ਪਰਿਵਾਰ ਦੀ ਮਾਲੀ ਮਦਦ ਦਾ ਐਲਾਨ ਕੀਤਾ। ਪੰਜਾਬ ਜਬਰ ਜ਼ੁਲਮ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਰਾਜ ਸਿੰਘ ਟੋਡਰਵਾਲ ਨੇ ਕਈ ਘੰਟੇ ਤੱਕ ਪੁਲਸ ਕੋਤਵਾਲੀ ਦਾ ਘਿਰਾਓ ਕੀਤਾ ਤਾਂ ਜੋ ਮ੍ਰਿਤਕ ਨੌਜਵਾਨ ਦੀ ਮੌਤ ਲਈ ਜ਼ਿੰਮੇਵਾਰ ਅਫਸਰਾਂ ਖਿਲਾਫ ਮਾਮਲਾ ਦਰਜ ਕੀਤਾ ਜਾ ਸਕੇ।
ਡੀ. ਐੱਸ. ਪੀ. ਚੰਦ ਸਿੰਘ ਨੇ ਦੱਸਿਆ ਕਿ ਕੋਤਵਾਲੀ ਵਿਖੇ ਮ੍ਰਿਤਕ ਨੌਜਵਾਨ ਦੇ ਤਾਇਆ ਬਲਜੀਤ ਸਿੰਘ ਪੁੱਤਰ ਆਤਮਾ ਸਿੰਘ ਦੇ ਬਿਆਨਾਂ 'ਤੇ ਧਾਰਾ 337, 304-ਏ ਆਈ. ਪੀ. ਸੀ. ਅਧੀਨ ਜੰਗਲਾਤ ਵਿਭਾਗ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਲਾਸ਼ ਨੂੰ ਪੋਸਟਮਾਰਟ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤਾ।
ਸੰਘਰਸ਼ ਕਮੇਟੀ ਦੇ ਆਗੂਆਂ ਰਾਜ ਸਿੰਘ ਟੋਡਰਵਾਲ ਅਤੇ ਟਕਸਾਲੀ ਪੰਥਕ ਆਗੂ ਬਲਜੀਤ ਸਿੰਘ ਮੱਖਣ ਨੇ ਕਿਹਾ ਕਿ ਤਣਾਅਪੂਰਨ ਸਥਿਤੀ ਲਈ ਸਿਵਲ ਪ੍ਰਸ਼ਾਸਨ ਤੇ ਐੱਸ. ਡੀ. ਐੱਮ. ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਗਰੀਬ ਦਲਿਤ ਪਰਿਵਾਰ ਦੀ ਕੋਈ ਸਾਰ ਨਹੀਂ ਲਈ। ਸਮਾਜ ਸੇਵਕ ਬਹਾਦਰ ਸਿੰਘ ਨੇ ਦੱਸਿਆ ਕਿ ਇਸ ਚੌਕ ਵਿਚ ਇਕ ਮਹੀਨੇ ਦੌਰਾਨ ਟਾਹਣੇ ਡਿੱਗਣ ਕਾਰਨ ਤਿੰਨ ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ ਇਕ ਦਰਜਨ ਹਾਦਸੇ ਵਾਪਰੇ ਹਨ ਪਰ ਜੰਗਲਾਤ ਮੰਤਰੀ ਦੇ ਸ਼ਹਿਰ ਵਿਚ ਜੰਗਲਾਤ ਵਿਭਾਗ ਦਾ ਰੇਂਜਰ/ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ, ਜਿਸ ਕਾਰਨ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਵਰਣਨਯੋਗ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਲੋਕਾਂ ਦੇ ਸੇਵਕ ਬਣ ਕੇ ਕੰਮ ਕਰਨ ਪਰ ਐੱਸ. ਡੀ. ਐੱਮ. ਵਲੋਂ ਇਥੇ ਸਰਕਾਰੀ ਕੋਠੀ ਵਿਚ ਨਾ ਰਹਿਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਸਰਕਾਰ ਦੀ ਕਿਰਕਿਰੀ ਅਤੇ ਕੈਬਨਿਟ ਮੰਤਰੀ ਦੀਆਂ ਪ੍ਰੇਸ਼ਾਨੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਲੈ ਕੇ ਸੈਂਕੜੇ ਦਲਿਤਾਂ ਨੇ ਰੋਸ ਧਰਨਾ ਦੇ ਕੇ ਮੁਜ਼ਾਹਰਾ ਅਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ, ਰਾਜ ਸਿੰਘ ਟੋਡਰਵਾਲ, ਬਲਜੀਤ ਸਿੰਘ ਮੱਖਣ, ਗੁਰਜੰਟ ਸਿੰਘ ਸਾਬਕਾ ਸਰਪੰਚ, ਲਾਭ ਸਿੰਘ, ਗੁਰਪ੍ਰੀਤ ਸਿੰਘ ਟੋਡਰਵਾਲ, ਜਸਵੰਤ ਸਿੰਘ, ਅਮਰਜੀਤ ਕੌਰ, ਅਮ੍ਰਿਤ ਸਿੰਘ, ਜੱਗੀ ਨੰਬਰਦਾਰ, ਪਵਿੱਤਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਦਲਿਤਾਂ 'ਤੇ ਜਬਰ ਜ਼ੁਲਮ ਵੱਧ ਗਿਆ ਹੈ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਫੱਟੜ ਲੜਕੀ (ਜੋ ਕਿ ਪੀ. ਜੀ. ਆਈ. ਚੰਡੀਗੜ੍ਹ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ) ਦੇ ਮੁਫਤ ਇਲਾਜ ਦੀ ਮੰਗ ਕੀਤੀ। ਧਰਨੇ ਕਾਰਨ ਅਲੌਹਰਾਂ ਗੇਟ ਸ਼ਮਸ਼ਾਨਘਾਟ ਅਤੇ ਕੈਂਟ ਰੋਡ ਚੌਕ ਵਿਖੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ। ਸਥਿਤੀ ਤਣਾਅਪੂਰਨ ਹੁੰਦੀ ਦੇਖ ਐਗਜ਼ੈਕਟਿਵ ਮੈਜਿਸਟ੍ਰੇਟ ਸੁਖਜਿੰਦਰ ਸਿੰਘ ਟਿਵਾਣਾ, ਡੀ. ਐੱਸ. ਪੀ. ਚੰਦ ਸਿੰਘ ਤੇ ਪੁਲਸ ਇੰਸਪੈਕਟਰ ਸੁਖਰਾਜ ਸਿੰਘ ਘੁੰਮਣ ਨੇ ਧਰਨਾਕਾਰੀਆਂ ਨਾਲ ਮੌਕੇ 'ਤੇ ਪਹੁੰਚ ਕੇ ਗੱਲਬਾਤ ਕੀਤੀ ਪਰ ਐੱਸ. ਡੀ. ਐੱਮ. ਦੇ ਨਾ ਪਹੁੰਚਣ ਕਾਰਨ ਸੈਂਕੜੇ ਦਲਿਤਾਂ ਦਾ ਗੁੱਸਾ ਹੋਰ ਭੜਕ ਗਿਆ। ਉਨ੍ਹਾਂ ਕਿਹਾ ਕਿ ਲਾਸ਼ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਜ਼ਿਲੇ ਦਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਦਾ। ਦੇਵਮਾਨ ਨੇ ਦੋਸ਼ ਲਾਇਆ ਕਿ ਆਵਾਰਾ ਕੁੱਤਿਆਂ, ਪਸ਼ੂਆਂ ਤੇ ਬਾਂਦਰਾਂ ਨੇ ਰੋਜ਼ਾਨਾ ਲੋਕਾਂ ਨੂੰ ਕੱਟ ਕੇ ਦਹਿਸ਼ਤ ਪੈਦਾ ਕਰ ਰੱਖੀ ਹੈ ਪਰ ਪ੍ਰਸ਼ਾਸਨ ਨੇ ਜ਼ਿੰਦਗੀ ਗੁਆ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜੋ ਸ਼ਰਮਸਾਰ ਹੈ।