ਮੰਗਾਂ ਨਾ ਮੰਨਣ ''ਤੇ ਆਂਗਣਵਾੜੀ ਵਰਕਰਾਂ ਨੇ ਫਿਰ ਭੰਡੀ ਸਰਕਾਰ

05/05/2018 5:07:10 AM

ਲੁਧਿਆਣਾ(ਸਲੂਜਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਇਕਾਈ ਵੱਲੋਂ ਅੱਜ ਇੱਥੇ ਮੰਗਾਂ ਨੂੰ ਨਾ ਮੰਨਣ ਕਾਰਨ ਅਤੇ ਬਠਿੰਡਾ ਵਿਚ ਆਂਗਣਵਾੜੀ ਵਰਕਰਾਂ 'ਤੇ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਜ਼ਿਲਾ ਪ੍ਰਧਾਨ ਸੁਭਾਸ਼ ਰਾਣੀ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ 54,000 ਵਰਕਰ ਅਤੇ ਹੈਲਪਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕ 'ਤੇ ਹਨ। ਆਂਗਣਵਾੜੀ ਵਰਕਰ ਆਪਣੀ ਮਿਹਨਤ ਮੰਗ ਰਹੇ ਹਨ ਨਾ ਕਿ ਸਰਕਾਰ ਤੋਂ ਕੋਈ ਭੀਖ ਮੰਗ ਰਹੇ ਹਨ। ਜ਼ਿਲਾ ਪ੍ਰਧਾਨ ਸੁਭਾਸ਼ ਰਾਣੀ ਨੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਨਾ ਤਾਂ ਵਿੱਤ ਮੰਤਰੀ ਨੂੰ ਇਹ ਪਤਾ ਹੈ ਕਿ ਆਂਗਣਵਾੜੀ ਵਰਕਰ ਕੰਮ ਕੀ ਕਰਦੀਆਂ ਹਨ ਅਤੇ ਕਿੰਨੇ ਸਮੇਂ ਤੱਕ ਰੋਜ਼ਾਨਾ ਡਿਊਟੀ ਦਿੰਦੀਆਂ ਹਨ। ਇਹ ਆਂਗਣਵਾੜੀ ਵਰਕਰ ਹੀ ਹਨ, ਜੋ 12 ਰਜਿਸਟਰ ਮੇਨਟੇਨ ਕਰਦੀਆਂ ਹਨ। ਕਿਸੇ ਵੀ ਵਿਭਾਗ ਦਾ ਕੰਮਕਾਜ ਬਿਨਾਂ ਆਂਗਣਵਾੜੀ ਵਰਕਰਾਂ ਦੇ ਚੱਲ ਨਹੀਂ ਸਕਦਾ। ਆਪਣੀਆਂ ਮੰਗਾਂ ਨੂੰ ਲੈ ਕੇ ਕਈ ਬਾਰ ਆਂਗਣਵਾੜੀ ਵਰਕਰਾਂ ਨੇ ਵਿੱਤ ਮੰਤਰੀ ਨੂੰ ਮੰਗ-ਪੱਤਰ ਸੌਂਪੇ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਹੀ ਨਹੀਂ ਹੈ। ਕੰਮ ਮੁਤਾਬਕ ਨਾ ਤਾਂ ਉਨ੍ਹਾਂ ਨੂੰ ਤਨਖਾਹ, ਨਾ ਬੋਨਸ ਅਤੇ ਨਾ ਹੀ ਕੋਈ ਓਵਰ ਟਾਈਮ ਮਿਲਦਾ ਹੈ। ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਹਰਿਆਣਾ ਪੈਟਰਨ ਲਾਗੂ ਕਰੇ, ਪੈਨਸ਼ਨ ਅਤੇ ਗ੍ਰੈਚੂਟੀ ਦਾ ਪ੍ਰਬੰਧ ਕਰੇ ਅਤੇ 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਫਿਰ ਆਂਗਣਵਾੜੀ ਸੈਂਟਰਾਂ ਵਿਚ ਭੇਜਿਆ ਜਾਵੇ। ਸਲਾਹਕਾਰ ਬੋਰਡ ਅਤੇ ਚਾਈਲਡ ਕੌਂਸਲ ਨੂੰ ਦਿੱਤੇ ਪ੍ਰਾਜੈਕਟ ਆਈ. ਸੀ. ਡੀ. ਐੱਸ. ਅਧੀਨ ਲਿਆਂਦੇ ਜਾਣ, ਸੁਪਰਵਾਈਜ਼ਰਾਂ ਦੀ ਭਰਤੀ ਕੀਤੀ ਜਾਵੇ। ਇਹ ਵੀ ਐਲਾਨ ਕੀਤਾ ਗਿਆ ਕਿ 7 ਮਈ ਨੂੰ ਜਲੰਧਰ ਅਤੇ 8 ਮਈ ਨੂੰ ਪਟਿਆਲਾ 'ਚ ਕਨਵੈਨਸ਼ਨ ਕਰ ਕੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਸਿੱਧੇ ਤੌਰ 'ਤੇ ਸਰਕਾਰ ਅਤੇ ਸਬੰਧਤ ਵਿਭਾਗ ਹੀ ਜ਼ਿੰਮੇਵਾਰ ਹੋÎਣਗੇ। ਇਸ ਰੋਸ ਪ੍ਰਦਰਸ਼ਨ ਵਿਚ ਭਿੰਦਰ ਕੌਰ, ਸੁਰਜੀਤ ਕੌਰ, ਆਸ਼ਾ ਰਾਣੀ, ਹਰਦੇਵ ਕੌਰ, ਜਗਵਿੰਦਰ ਕੌਰ, ਰਜਨੀ ਬਾਲਾ, ਨਿਰਮਲ ਕੌਰ, ਹਰਜਿੰਦਰ ਕੌਰ, ਸਰਬਜੀਤ ਕੌਰ, ਕੁਲਵੰਤ ਕੌਰ, ਜਸਬੀਰ ਕੌਰ, ਇੰਦਰਜੀਤ ਕੌਰ, ਸੁਨੀਤਾ ਰਾਣੀ ਅਤੇ ਅਮਰਜੀਤ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।


Related News