ਟਿਕਟ ਨਾ ਮਿਲਣ ''ਤੇ ਫੁਟ-ਫੁਟ ਕੇ ਰੋਏ ਕਾਂਗਰਸ ਆਗੂ ਰਾਜੇਸ਼ ਸ਼ਰਮਾ, ਫਿਰ ਆਇਆ ਪੈਨਿਕ ਅਟੈਕ

06/19/2024 2:51:38 PM

ਦੇਹਰਾ- ਦੇਹਰਾ ਜ਼ਿਮਨੀ ਚੋਣ ਨੂੰ ਲੈ ਕੇ ਹਿਮਾਚਲ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਦਰਅਸਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਪਣੀ ਪਤਨੀ ਨੂੰ ਕਾਂਗਰਸ  ਵਲੋਂ ਮੈਦਾਨ ਵਿਚ ਉਤਾਰਿਆ ਹੈ। ਉੱਥੇ ਹੀ ਕਾਂਗਰਸ ਆਗੂ ਰਹੇ ਡਾ. ਰਾਜੇਸ਼ ਸ਼ਰਮਾ ਦੀ ਟਿਕਟ ਕੱਟ ਦਿੱਤੀ ਹੈ। ਦੇਹਰਾ ਦੇ ਇਕ ਨਿੱਜੀ ਹੋਟਲ ਵਿਚ ਸਮਰਥਕਾਂ ਨੂੰ ਸੰਬੋਧਿਤ ਕਰਨ ਮਗਰੋਂ ਰਾਜੇਸ਼ ਭਾਵੁਕ ਹੋ ਗਏ। ਜਨ ਸਭਾ ਦੌਰਾਨ ਉਹ ਫੁਟ-ਫੁਟ ਕੇ ਰੋ ਪਏ। ਜਿਸ ਕਾਰਨ ਰਾਜੇਸ਼ ਦੀ ਸਿਹਤ ਵਿਗੜ ਗਈ, ਉਨ੍ਹਾਂ ਨੂੰ ਪੈਨਿਕ ਅਟੈਕ ਆਇਆ। ਸਮਰਥਕਾਂ ਨੇ ਰਾਜੇਸ਼ ਨੂੰ ਸਿਵਲ ਹਸਪਤਾਲ ਦੇਹਰਾ ਪਹੁੰਚਾਇਆ। ਡਾਕਟਰਾਂ ਦੀ ਇਕ ਟੀਮ ਉਨ੍ਹਂ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ।

ਦਰਅਸਲ ਜ਼ਿਮਨੀ ਚੋਣਾਂ ਦੇ ਐਲਾਨ ਮਗਰੋਂ ਰਾਜੇਸ਼ ਸ਼ਿਮਲਾ ਵਿਚ ਮੁੱਖ ਮੰਤਰੀ ਸੁੱਖੂ ਨੂੰ ਮਿਲੇ ਸਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਤੁਸੀਂ ਫੀਲਡ ਵਿਚ ਜਾਓ। ਰਾਜੇਸ਼ ਦਾ ਕਹਿਣਾ ਹੈ ਕਿ ਟਿਕਟ ਕਿਸੇ ਨੂੰ ਵੀ ਮਿਲੇ ਮੈਨੂੰ ਕੋਈ ਦਿੱਕਤ ਨਹੀਂ। ਬਸ ਦਿੱਕਤ ਹੈ ਝੂਠ ਤੋਂ। ਰਾਜੇਸ਼ ਨੇ ਕਿਹਾ ਕਿ ਮੈਨੂੰ ਕੁਰਸੀ ਦਾ ਕੋਈ ਲਾਲਚ ਨਹੀਂ ਹੈ। ਮੈਂ ਦੇਹਰਾ ਦੀ ਜਨਤਾ ਨਾਲ ਧੋਖਾ ਨਹੀਂ ਕਰ ਸਕਦਾ। ਇਸ ਦੌਰਾਨ ਰਾਜੇਸ਼ ਕਾਫੀ ਭਾਵੁਕ ਵੀ ਨਜ਼ਰ ਆਏ ਅਤੇ ਸਮਰਥਕਾਂ ਵਿਚਾਲੇ ਫੁਟ-ਫੁਟ ਕੇ ਰੋਏ। ਦੱਸ ਦੇਈਏ ਕਿ ਹਿਮਾਚਲ ਦੇ 3 ਵਿਧਾਨ ਸਭਾ ਖੇਤਰ ਨਾਲਾਗੜ੍ਹ, ਹਮੀਰਪੁਰ ਅਤੇ ਦੇਹਰਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਹਿਮਾਚਲ ਦੇ ਤਿੰਨ ਵਿਧਾਨ ਸਭਾ ਖੇਤਰਾਂ ਵਿਚ 10 ਜੁਲਾਈ ਨੂੰ ਜ਼ਿਮਨੀ ਚੋਣਾ ਹੋਣੀਆਂ ਹਨ। ਇਸ ਦੇ ਨਤੀਜੇ 13 ਜੁਲਾਈ ਨੂੰ ਆਉਣਗੇ।


Tanu

Content Editor

Related News