ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਕੀਤੀ ਭਰਵੀਂ ਨਾਅਰੇਬਾਜ਼ੀ

Tuesday, Mar 06, 2018 - 03:49 AM (IST)

ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਨੇ ਧਰਨਾ ਲਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਕੀਤੀ ਭਰਵੀਂ ਨਾਅਰੇਬਾਜ਼ੀ

ਮੌੜ ਮੰਡੀ(ਪ੍ਰਵੀਨ/ਵਨੀਤ)-ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੌੜ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਾ ਦੇਣ, ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਅਸਫ਼ਲ ਰਹਿਣ, ਜਾਂਚ ਨੂੰ ਠੰਡੇ ਬਸਤੇ 'ਚ ਪਾਉਣ ਦੀਆਂ ਕੋਸ਼ਿਸ਼ਾਂ ਅਤੇ ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੀਆਂ ਜਾਇਜ਼ ਮੰਗਾਂ ਨੂੰ ਨਾ ਮੰਨੇ ਜਾਣ ਦੇ ਵਿਰੋਧ ਵਿਚ ਅੱਜ 'ਮੌੜ ਬੰਬ ਕਾਂਡ ਸੰਘਰਸ਼ ਕਮੇਟੀ' ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੰਬ ਕਾਂਡ ਘਟਨਾ ਸਥਾਨ 'ਤੇ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਧਰਨੇ ਵਿਚ ਮ੍ਰਿਤਕ ਬੱਚਿਆਂ ਦੀਆਂ ਮਾਵਾਂ ਦੇ ਨਾਲ-ਨਾਲ ਹੋਰ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੀਆਂ ਅੱਖਾਂ ਵਿਚੋਂ ਵਹਿੰਦੇ ਅੱਥਰੂਆਂ ਕਾਰਨ ਇਕ ਵਾਰ ਧਰਨੇ ਦਾ ਮਾਹੌਲ ਵੀ ਗਮਗੀਨ ਹੋ ਗਿਆ ਸੀ। 
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਦੇਵ ਰਾਜ ਜੇ. ਈ., ਜਗਦੀਸ਼ ਰਾਏ ਸ਼ਰਮਾ, ਗੁਰਮੇਲ ਸਿੰਘ ਮੇਲਾ, ਜੀਤ ਇੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਜਸਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਜੋਧਪੁਰ, ਪੱਲੇਦਾਰ ਯੂਨੀਅਨ ਦੇ ਪ੍ਰੀਤਮ ਸਿੰਘ ਕਾਕਾ, ਬਲਦੇਵ ਸਿੰਘ, ਗੱਲਾ ਮਜ਼ਦੂਰ ਯੂਨੀਅਨ ਦੇ ਰਾਜ ਕੁਮਾਰ, ਜਮਹੂਰੀ ਕਿਸਾਨ ਸਭਾ ਦੇ ਤਾਰਾ ਸਿੰਘ ਕੋਟੜਾ, ਟਰੱਕ ਯੂਨੀਅਨ ਦੇ ਕਰਮਜੀਤ ਸਿੰਘ ਤੇ ਸਿਕੰਦਰ ਸਿੰਘ ਆਦਿ ਨੇ ਕਿਹਾ ਕਿ ਮੌੜ ਬੰਬ ਕਾਂਡ ਹੋਏ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣਾ ਤਾਂ ਦੂਰ ਦੀ ਗੱਲ ਸਗੋਂ ਘਟਨਾ ਮੌਕੇ ਕੀਤੇ ਵਾਅਦੇ ਵੀ ਪੂਰੇ ਨਾ ਕਰ ਕੇ ਉਨ੍ਹਾਂ ਦੇ ਜ਼ਖ਼ਮਾਂ ਤੇ ਨਮਕ ਛਿੜਕਣ ਵਾਲੇ ਕੰਮ ਕੀਤੇ ਹਨ। ਇਸ ਕਾਰਨ ਲੋਕਾਂ ਦਾ ਗੁੱਸਾ ਸਰਕਾਰ ਪ੍ਰਤੀ ਦਿਨੋ-ਦਿਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌੜ ਬੰਬ ਕਾਂਡ ਦੀ ਜਾਂਚ ਨੂੰ ਠੰਡੇ ਬਸਤੇ 'ਚ ਪਾਉਣਾ, ਸੀ. ਬੀ. ਆਈ. ਜਾਂਚ ਨਾ ਕਰਵਾਉਣਾ, ਪੀੜਤ ਪਰਿਵਾਰਾਂ ਨੂੰ ਬਣਦੇ ਮੁਆਵਜ਼ੇ ਤੇ ਸਰਕਾਰੀ ਨੌਕਰੀਆਂ ਨਾ ਦੇਣਾ ਅਤੇ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ 'ਚ ਵੱਟੀ ਚੁੱਪ ਤੋਂ ਸਪੱਸ਼ਟ ਹੈ ਕਿ ਇਸ ਮਾਮਲੇ ਨੂੰ ਕਿਸੇ ਦਬਾਅ ਕਾਰਨ ਦਬਾਇਆ ਜਾ ਰਿਹਾ ਹੈ। ਪਰਿਵਾਰ ਇਨਸਾਫ਼ ਲੈਣ ਲਈ ਸੜਕਾਂ 'ਤੇ ਰੁਲ ਰਹੇ ਹਨ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮ੍ਰਿਤਕਾਂ ਦੇ ਵਾਰਸਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦੇਵੇ, ਜ਼ਖਮੀਆਂ ਨੂੰ ਯੋਗ ਮੁਆਵਜ਼ਾ ਦੇਵੇ ਅਤੇ ਜੋ ਜ਼ਖਮੀ ਕੰਮ ਕਰਨ ਦੇ ਯੋਗ ਨਹੀਂ ਰਹੇ, ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਰਾਜਨੀਤਕ ਸਾਜ਼ਿਸ਼ਾਂ ਦਾ ਸ਼ਿਕਾਰ ਹੋਏ ਇਹ ਪੀੜਤ ਪਰਿਵਾਰ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਨੁੱਕੜ ਮੀਟਿੰਗ ਦੌਰਾਨ ਹੀ ਬੰਬ ਕਾਂਡ ਦਾ ਸ਼ਿਕਾਰ ਹੋਏ ਪਰਿਵਾਰ ਅੱਜ ਕਾਂਗਰਸ ਪਾਰਟੀ ਦੇ ਰਾਜ ਅੰਦਰ ਹੀ ਇਨਸਾਫ਼ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸ ਕਾਰਨ ਲੋਕਾਂ ਦਾ ਇਸ ਸਰਕਾਰ ਅਤੇ ਪ੍ਰਸ਼ਾਸਨ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਕਮੇਟੀ ਦੀਆਂ ਮੰਗਾਂ ਨਾ ਮੰਨੀਆਂ ਤਾਂ ਧਰਨਿਆਂ ਦਾ ਦੌਰ ਜਾਰੀ ਰਹੇਗਾ। ਲੋਕ ਸਭਾ ਚੋਣਾ ਦੌਰਾਨ ਵੋਟਾਂ ਮੰਗਣ ਆਏ ਲੀਡਰਾਂ ਤੋਂ ਨੁੱਕੜ ਮਟਿੰਗਾਂ 'ਚ ਇਹ ਜ਼ਰੂਰ ਪੁੱਛਿਆ ਜਾਵੇਗਾ ਕਿ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣ ਲਈ ਉਨ੍ਹਾਂ ਦਾ ਕੀ ਯੋਗਦਾਨ ਰਿਹਾ? ਇਸ ਮੌਕੇ ਧਰਨੇ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਦਲ ਖਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲੇ ਤੇ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ ਮੀਤ ਪ੍ਰਧਾਨ ਇੰਡੀਅਨ ਫਾਰਮਰਜ਼ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਬੰਬ ਕਾਂਡ ਦੀ ਚਾਲ ਵਿਚ ਸ਼ਾਮਿਲ ਦੋਸ਼ੀਆਂ ਬਾਰੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਭ ਕੁੱਝ ਪਤਾ ਲੱਗ ਚੁੱਕਾ ਹੈ ਪ੍ਰੰਤੂ ਵੋਟਾਂ ਦਾ ਲਾਹਾ ਲੈਣ ਲਈ ਮਾਮਲੇ ਦੀ ਮਿਸਲ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਬੰਬ ਕਾਂਡ ਤੋਂ ਤੁਰੰਤ ਬਾਅਦ ਹੀ ਸਰਕਾਰ ਨੂੰ ਸਭ ਕੁੱਝ ਪਤਾ ਚੱਲ ਗਿਆ ਸੀ ਕਿ ਇਸ ਕਾਂਡ ਵਿਚ ਜੋ ਨਾਂ ਮੁੱਖ ਰੂਪ 'ਚ ਸਾਹਮਣੇ ਆਏ ਹਨ, ਉਨ੍ਹਾਂ ਨਾਲ ਇਕ ਹੋਰ ਨਾਂ ਕਾਂਗਰਸ ਪਾਰਟੀ ਦੇ ਇਕ ਵੱਡੇ ਲੀਡਰ ਦੇ ਨਜ਼ਦੀਕੀ ਰਿਸ਼ਤੇਦਾਰ ਦਾ ਜੁੜ ਰਿਹਾ ਹੈ। ਇਸ ਕਾਰਨ ਇਸ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਕ-ਦੋ ਵਾਰ ਤਾਂ ਪੁਲਸ ਪ੍ਰਸ਼ਾਸਨ ਨੇ ਦਬਾਅ ਕਾਰਨ ਇਹ ਸਾਰਾ ਮਾਮਲਾ ਕੁੱਝ ਸਿੱਖ ਮੁੰਡਿਆਂ ਦੇ ਸਿਰ ਪਾਉਣ ਦੀ ਕੋਸ਼ਿਸ਼  ਕੀਤੀ ਗਈ ਪ੍ਰੰਤੂ ਉਨ੍ਹਾਂ ਦੀ ਇਹ ਚਾਲ ਸਫ਼ਲ ਨਹੀਂ ਹੋ ਸਕੀ।  ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਜਥੇਬੰਦੀਆਂ 'ਮੌੜ ਬੰਬ ਕਾਂਡ ਸੰਘਰਸ਼ ਕਮੇਟੀ' ਵੱਲੋਂ ਵਿੱਢੇ ਸੰਘਰਸ਼ 'ਚ ਹਰ ਵੇਲੇ ਸਾਥ ਦੇਣਗੀਆਂ ਤਾਂ ਜੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਸਕੇ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਸਿੰਘ ਨਥਾਣਾ ਜ਼ਿਲਾ ਪ੍ਰਧਾਨ, ਬਾਬਾ ਸਤਨਾਮ ਸਿੰਘ ਦਿਆਲਪੁਰਾ, ਭੋਲਾ ਸਿੰਘ, ਗੁਰਮੇਲ ਸਿੰਘ ਮੌੜ, ਬਲਜਿੰਦਰ ਸਿੰਘ ਪੁਰੀ ਤੇ ਸੁਖਜੀਤ ਸਿੰਘ ਜਵਾਹਰਕੇ ਆਦਿ ਵੀ ਧਰਨੇ 'ਚ ਸ਼ਾਮਿਲ ਸਨ।   
ਇਸ ਮੌਕੇ  ਨਗਰ ਕੌਂਸਲ ਦੇ ਪ੍ਰਧਾਨ ਗਿਆਨ ਸਿੰਘ, ਨਗਰ ਕੌਂਸਲਰ ਹਰਜਿੰਦਰ ਸਿੰਘ ਕੱਪੀ, ਖੇਤ ਰਾਮ, ਨਵੀਨ ਸਟਾਰ, ਸੁਸ਼ੀਲ ਕੁਮਾਰ ਸ਼ੀਲੀ, ਅੰਕੁਸ਼ ਬਾਂਸਲ, ਟੀ. ਐੱਸ. ਯੂ. ਭੰਗਲ ਦੇ ਛੋਟੇ ਲਾਲ, ਭੀਮ ਰਾਮ, ਸੁਰੇਸ਼ ਕੁਮਾਰ ਹੈਪੀ, ਅਜੈਪਾਲ ਸਿੰਘ, ਸ਼ਿੰਗਾਰਾ ਸਿੰਘ, ਹਰੀਕਰਨ, ਦਲੀਪ ਸਿੰਘ ਤੇ ਜਗਸੀਰ ਸਿੰਘ ਕਾਲਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ। 


Related News