ਪੁੱਡਾ ਦੀ ਪਾਰਕਿੰਗ ''ਤੇ ਕਬਜ਼ਾ ਕਰ ਕੇ ਨਗਰ ਕੌਂਸਲ ਨੇ ਲਾਏ ਕੂੜੇ ਦੇ ਢੇਰ
Wednesday, Oct 04, 2017 - 07:11 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਪੂਰੇ ਦੇਸ਼ 'ਚ ਸਵੱਛ ਭਾਰਤ ਅਭਿਆਨ ਚੱਲ ਰਿਹਾ ਹੈ। ਬਰਨਾਲਾ ਨਗਰ ਕੌਂਸਲ ਵੱਲੋਂ ਵੀ ਸ਼ਹਿਰ 'ਚ ਸਵੱਛਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਪੁੱਡਾ ਵੱਲੋਂ ਕੱਟੀ ਗਈ ਮਾਰਕੀਟ ਦੀ ਪਾਰਕਿੰਗ 'ਤੇ ਕਬਜ਼ਾ ਕਰ ਕੇ ਸ਼ਹਿਰ ਦੇ ਵੱਡੇ ਹਿੱਸੇ ਦਾ ਕੂੜਾ ਉਥੇ ਸੁੱਟਿਆ ਜਾ ਰਿਹਾ ਹੈ, ਜਦੋਂਕਿ ਦੁਕਾਨਦਾਰਾਂ ਨੇ ਪਾਰਕਿੰਗ ਦੀ ਸੁਵਿਧਾ ਨੂੰ ਦੇਖ ਕੇ ਹੀ ਇੱਥੇ ਕਰੋੜਾਂ ਰੁਪਏ ਖਰਚ ਕਰ ਕੇ ਸ਼ੋਅਰੂਮ ਲਏ ਸਨ। ਇਸ ਮੁਸੀਬਤ ਤੋਂ ਪ੍ਰੇਸ਼ਾਨ ਹੋ ਕੇ ਮਾਰਕੀਟ ਦੇ ਦੁਕਾਨਦਾਰਾਂ ਅਤੇ ਕਰਮਚਾਰੀਆਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇੱਥੇ ਜਲਦੀ ਕੂੜਾ ਸੁੱਟਣਾ ਬੰਦ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਨਹੀਂ ਹੋਇਆ ਮਸਲੇ ਦਾ ਹੱਲ
ਦੁਕਾਨਦਾਰ ਭਾਰਤ ਭੂਸ਼ਨ ਸਕਿੰਟੂ ਨੇ ਕਿਹਾ ਕਿ ਕੂੜੇ ਦੇ ਢੇਰ ਸਬੰਧੀ ਉਨ੍ਹਾਂ ਡੀ. ਸੀ. ਬਰਨਾਲਾ ਘਣਸ਼ਿਆਮ ਥੋਰੀ, ਨਗਰ ਕੌਂਸਲ ਦੇ ਈ.ਓ., ਸਿਵਲ ਸਰਜਨ ਅਤੇ ਪੰਜਾਬ ਡਿਵੈੱਲਪਮੈਂਟ ਅਥਾਰਟੀ ਦੇ ਅਫਸਰਾਂ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਕਰਨ ਦੇ 3 ਹਫਤੇ ਬਾਅਦ ਵੀ ਉਕਤ ਸਮੱਸਿਆ ਦਾ ਹੱਲ ਨਹੀਂ ਹੋਇਆ, ਜਦੋਂਕਿ ਨਗਰ ਕੌਂਸਲ ਨੇ ਸ਼ਹਿਰ 'ਚ ਸਵੱਛਤਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ।
ਨੰਨ੍ਹੇ-ਮੁੰਨੇ ਬੱਚਿਆਂ ਦੀ ਜਾਨ ਨਾਲ ਖਿਲਵਾੜ
ਸ਼ੋਅਰੂਮ ਦੇ ਮਾਲਕ ਸੰਦੀਪ ਕੁਮਾਰ ਨੇ ਕਿਹਾ ਕਿ ਜਿਸ ਜਗ੍ਹਾ 'ਤੇ ਨਗਰ ਕੌਂਸਲ ਵੱਲੋਂ ਕੂੜਾ ਸੁੱÎਟਿਆ ਜਾ ਰਿਹਾ ਹੈ, ਉਸਦੇ ਨਾਲ ਹੀ ਬਰਨਾਲਾ ਦਾ ਜੱਚਾ ਬੱਚਾ ਕੇਂਦਰ ਹੈ। ਇਸ ਜੱਚਾ ਬੱਚਾ ਕੇਂਦਰ 'ਚ ਸੈਂਕੜੇ ਮਾਸੂਮ ਇਲਾਜ ਲਈ ਦਾਖਿਲ ਹਨ। ਡਲਿਵਰੀ ਕੇਸ ਵੀ ਇਸ ਹਸਪਤਾਲ 'ਚ ਹੁੰਦੇ ਹਨ। ਹਸਪਤਾਲਾਂ ਦੇ ਆਲੇ-ਦੁਆਲੇ ਸਫਾਈ ਦਾ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ਪਰ ਨਗਰ ਕੌਸਲ ਵੱਲੋਂ ਹਸਪਤਾਲ ਦੇ ਨੇੜੇ ਹੀ ਗੰਦਗੀ ਫੈਲਾਉਣ ਕਾਰਨ ਸੈਂਕੜੇ ਹੀ ਨੰਨ੍ਹੇ-ਮੁੰਨੇ ਬੱਚਿਆਂ ਦੀ ਜਾਨ ਨੂੰ ਵੀ ਖ਼ਤਰਾ ਹੈ ਕਿਉਂਕਿ ਬੱਚਿਆਂ ਨੂੰ ਜਲਦੀ ਹੀ ਇਨਫੈਕਸ਼ਨ ਹੋ ਜਾਂਦੀ ਹੈ।
ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ— ਕੂੜਾ ਸੁੱਟਣ ਲਈ ਕਰਵਾਓ ਜਗ੍ਹਾ ਉਪਲੱਬਧ
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਸ਼ੋਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਕੂੜਾ ਸੁੱਟਣ ਦੀ ਕੋਈ ਜਗ੍ਹਾ ਨਹੀਂ, ਜਿਸ ਕਾਰਨ ਇੱਥੇ ਕੂੜਾ ਸੁੱਟਣਾ ਪੈਂਦਾ ਹੈ। ਜੇਕਰ ਉਨ੍ਹਾਂ ਨੂੰ ਕੂੜਾ ਸੁੱਟਣ ਦੀ ਕੋਈ ਹੋਰ ਜਗ੍ਹਾ ਉਪਲੱਬਧ ਕਰਵਾਈ ਜਾਵੇਗੀ ਤਾਂ ਉਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਜਾਵੇਗਾ। ਦੁਕਾਨਦਾਰਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਇਸ ਬਿਆਨ 'ਤੇ ਸਖਤ ਇਤਰਾਜ਼ ਕੀਤਾ।
ਡੀ. ਸੀ. ਨਾਲ ਚੱਲ ਰਹੀ ਐ ਗੱਲਬਾਤ : ਪੁੱਡਾ ਅਧਿਕਾਰੀ
ਜਦੋਂ ਇਸ ਸਬੰਧੀ ਪੁੱਡਾ ਦੇ ਐੈੱਸ.ਡੀ.ਓ. ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਦੇ ਈ. ਓ. ਨੂੰ ਲਿਖ ਕੇ ਭੇਜਿਆ ਹੈ ਕਿ ਇੱਥੇ ਕੂੜਾ ਸੁੱਟਣਾ ਬੰਦ ਕੀਤਾ ਜਾਵੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਸ ਸਬੰਧੀ ਥਾਣਾ ਸਿਟੀ 'ਚ ਸ਼ਿਕਾਇਤ ਦਰਜ ਕਿਉਂ ਨਹੀਂ ਕਰਵਾਈ ਤਾਂ ਉਹ ਇਸ ਸਵਾਲ ਦਾ ਕੋਈ ਠੋਸ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਜਦੋਂ ਸਟੇਟ ਅਫਸਰ ਅਨੂਪ੍ਰੀਤ ਜੌਹਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਸੀ. ਬਰਨਾਲਾ ਨਾਲ ਗੱਲਬਾਤ ਚੱਲ ਰਹੀ ਹੈ। ਜਲਦੀ ਹੀ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਵੇਗਾ।
