ਵਿਦਿਆਰਥੀਆਂ ਨੇ ਹਾਈਵੇ ਜਾਮ ਕਰ ਕੀਤੀ ਨਾਅਰੇਬਾਜ਼ੀ

09/21/2017 1:52:08 AM

ਧੂਰੀ(ਸੰਜੀਵ ਜੈਨ)-ਪੀ. ਆਰ. ਟੀ. ਸੀ. ਦੀਆਂ ਬੱਸਾਂ ਕਾਲਜ ਦੇ ਬਾਹਰ ਨਾ ਰੋਕੇ ਜਾਣ ਦੇ ਰੋਸ ਵਜੋਂ ਅੱਜ ਯੂਨੀਵਰਸਿਟੀ ਕਾਲਜ ਬੇਨੜਾ (ਧੂਰੀ) ਦੇ ਵਿਦਿਆਰਥੀਆਂ ਵੱਲੋਂ ਪੰਜਾਬ ਮੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਇਸ ਮੌਕੇ ਸਟੂਡੈਂਟ ਯੂਨੀਅਨ ਦੇ ਆਗੂ ਰਸ਼ਪਿੰਦਰ ਜਿੰਮੀ ਨੇ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀ ਇਸ ਕਾਲਜ ਵਿਚ ਪੜ੍ਹਾਈ ਕਰਨ ਲਈ ਆਉਂਦੇ ਹਨ ਅਤੇ ਉਨ੍ਹਾਂ ਦੇ ਬੱਸ ਪਾਸ ਵੀ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੀ. ਆਰ. ਟੀ. ਸੀ. ਦੀਆਂ ਬੱਸਾਂ ਵੱਲੋਂ ਉਨ੍ਹਾਂ ਨੂੰ ਬੱਸ 'ਚ ਲਿਜਾਇਆ ਨਹੀਂ ਜਾਂਦਾ। ਕਾਲਜ ਨੇੜੇ ਬੱਸ ਨਾ ਰੁਕਣ ਕਾਰਨ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਜਿਥੇ ਉਨ੍ਹਾਂ ਦਾ ਸਮਾਂ ਬਰਬਾਦ ਹੁੰਦਾ ਹੈ, ਉਥੇ ਹੀ ਪੜ੍ਹਾਈ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੱਲ ਤਾਂ ਇਨ੍ਹਾਂ ਬੱਸਾਂ ਵਾਲਿਆਂ ਨੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਲੱਡਾ ਪਿੰਡ ਨੇੜੇ ਸਥਿਤ ਟੋਲ ਪਲਾਜ਼ੇ 'ਤੇ ਹੀ ਉਤਾਰ ਦਿੱਤਾ ਸੀ, ਜਿਸ ਦੇ ਰੋਸ ਵਜੋਂ ਅੱਜ ਇਹ ਧਰਨਾ ਲਾਇਆ ਗਿਆ ਹੈ। ਵਿਦਿਆਰਥੀਆਂ ਦੇ ਰੋਸ ਨੂੰ ਵੇਖਦੇ ਹੋਏ ਪੀ. ਆਰ. ਟੀ. ਸੀ. ਦੇ ਅਧਿਕਾਰੀ ਵੀ ਮੌਕੇ 'ਤੇ ਪੁੱਜੇ। ਵਿਦਿਆਰਥੀਆਂ ਨੇ ਉਨ੍ਹਾਂ ਨੂੰ ਇਸ ਸਬੰਧੀ ਇਕ ਮੰਗ-ਪੱਤਰ ਵੀ ਸੌਂਪਿਆ। ਇਨ੍ਹਾਂ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਅਤੇ ਭਵਿੱਖ 'ਚ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਪਰੋਕਤ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਭਵਿੱਖ ਵਿਚ ਅਜਿਹੀ ਸਮੱਸਿਆ ਦੁਬਾਰਾ ਆਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਸਮੇਂ ਵਿਦਿਆਰਥੀ ਆਗੂ ਮਨਿੰਦਰ ਸਿੰਘ, ਹਰਜਿੰਦਰ ਸਿੰਘ, ਹਰਮਨ ਭੁੱਲਰ, ਕਰਨ ਕਲੇਰ, ਬਲਕਾਰ ਆਦਿ ਮੌਜੂਦ ਸਨ।


Related News