ਇਨਸਾਫ ਨਾ ਮਿਲਣ ''ਤੇ ਟੈਂਕੀ ''ਤੇ ਚੜ੍ਹਿਆ ਨੌਜਵਾਨ

07/11/2017 7:02:00 AM

ਫਤਿਹਗੜ੍ਹ ਸਾਹਿਬ(ਜਗਦੇਵ, ਟਿਵਾਣਾ)-ਪਰਿਵਾਰ, ਪਿੰਡ ਦੇ ਸਰਪੰਚ ਅਤੇ ਪੁਲਸ ਤੋਂ ਇਨਸਾਫ ਨਾ ਮਿਲਣ 'ਤੇ ਰੋਸ ਵਜੋਂ ਪਿੰਡ ਮਹਾਂਦੀਆਂ ਦਾ ਇਕ ਨੌਜਵਾਨ ਪਾਣੀ ਦੀ ਟੈਂਕੀ 'ਤੇ ਚੜ੍ਹ ਗਿਆ, ਜਿਉਂ ਹੀ ਇਸ ਗੱਲ ਨੇ ਜ਼ੋਰ ਫੜਿਆ ਤਾਂ ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਟੈਂਕੀ 'ਤੇ ਚੜ੍ਹੇ ਨੌਜਵਾਨ ਰਣਜੀਤ ਸਿੰਘ ਨੂੰ ਥੱਲੇ ਉਤਾਰਨ ਲਈ ਜ਼ੋਰ ਪਾਉਣ ਲੱਗੇ। ਲੱਗਭਗ ਦੋ ਘੰਟੇ ਬਾਅਦ ਰਣਜੀਤ ਸਿੰਘ ਤਹਿਸੀਲਦਾਰ ਫਤਿਹਗੜ੍ਹ ਸਾਹਿਬ ਰਵਿੰਦਰ ਬਾਂਸਲ ਵਲੋਂ ਫੋਨ 'ਤੇ ਗੱਲ ਕਰਨ ਉਪਰੰਤ ਮਿਲੇ ਕਾਰਵਾਈ ਕਰਨ ਲਈ ਮਿਲੇ ਭਰੋਸੇ ਤੋਂ ਬਾਅਦ ਨੌਜਵਾਨ ਟੈਂਕੀ ਤੋਂ ਉਤਰਿਆ। ਗੱਲਬਾਤ ਕਰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੀ ਲੜਕੀ ਨਾਲ ਸਾਲ 2015 ਵਿਚ ਹੋਇਆ ਸੀ ਤੇ ਵਿਆਹ ਤੋਂ ਬਾਅਦ ਸਭ ਕੁਝ ਵਧੀਆ ਚਲਦਾ ਰਿਹਾ ਪਰ ਮੰਡੀ ਗੋਬਿੰਦਗੜ੍ਹ ਦੇ ਇਕ ਵਿਅਕਤੀ ਦਾ ਉਸ ਦੇ ਘਰ ਅਕਸਰ ਆਉਣਾ ਜਾਣਾ ਵਧਣ ਲੱਗਾ, ਜੋ ਉਸ ਨੂੰ ਪਸੰਦ ਨਹੀਂ ਸੀ, ਜਦੋਂ ਕਿ ਉਸ ਦੀ ਪਤਨੀ ਦਾ ਕਹਿਣਾ ਸੀ ਕਿ ਉਹ ਉਸ ਦਾ ਭਰਾ ਹੈ। ਇਸ ਗੱਲ ਦਾ ਉਸ ਦੀ ਮਾਂ ਨੇ ਵੀ ਵਿਰੋਧ ਕੀਤਾ ਤਾਂ ਉਹ ਆਪਣੇ ਪੇਕੇ ਚਲੀ ਗਈ ਤੇ ਜਾਂਦੀ ਹੋਈ ਆਪਣੇ ਨਾਲ ਘਰ ਦੇ ਗਹਿਣੇ ਤੇ ਨਕਦੀ ਵੀ ਲੈ ਗਈ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਵਿਆਹ ਵਿਚ ਕਿਸੇ ਪ੍ਰਕਾਰ ਦਾ ਕੋਈ ਦਾਜ ਵੀ ਨਹੀਂ ਲਿਆ ਸੀ ਤੇ ਨਾ ਹੀ ਕੋਈ ਮੰਗ ਕੀਤੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਦੇ ਇਸ ਝਗੜੇ ਤੋਂ ਬਾਅਦ ਪੰਚਾਇਤ ਨੇ ਉਸ ਦਾ ਸਮਝੌਤਾ ਕਰਵਾ ਦਿੱਤਾ ਸੀ ਤੇ 23-8-2016 ਨੂੰ ਉਸ ਦੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਸਮਝੌਤੇ ਤਹਿਤ ਉਸ ਦੀ ਪਤਨੀ ਨੂੰ ਘਰ ਤੋਂ ਲੈ ਜਾਣ ਲਈ ਕਿਹਾ ਸੀ ਤੇ ਜਦੋਂ ਉਹ ਆਪਣੇ ਸਹੁਰੇ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਉਸ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ।
ਉਸ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇ। ਉਧਰ ਤਹਿਸੀਲਦਾਰ ਰਵਿੰਦਰ ਬਾਂਸਲ ਨੇ ਮੌਕੇ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਬੀ. ਡੀ. ਪੀ. ਓ. ਬਸੀ ਪਠਾਣਾਂ ਨੂੰ ਇਸ ਮਾਮਲੇ ਦਾ ਜਲਦੀ ਹੱਲ ਕਰਵਾਉਣ ਦੀ ਹਦਾਇਤ ਕੀਤੀ।
ਕੀ ਕਹਿੰਦੀ ਹੈ ਪੁਲਸ
ਇਸ ਸੰਬੰਧੀ ਗੱਲ ਕਰਨ 'ਤੇ ਡੀ. ਐੱਸ. ਪੀ. ਵਰਿੰਦਰਜੀਤ ਸਿੰਘ ਥਿੰਦ ਨੇ ਕਿਹਾ ਕਿ ਇਹ ਘਰੇਲੂ ਮਾਮਲਾ ਹੈ ਤੇ ਪੁਲਸ ਪਹਿਲਾਂ ਮਿਲੀ ਹੋਈ ਸ਼ਿਕਾਇਤ ਦੇ ਆਧਾਰ 'ਤੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਰਣਜੀਤ ਸਿੰਘ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ।
ਕੀ ਕਹਿਣਾ ਸਰਪੰਚ ਦਾ
ਪਿੰਡ ਦੇ ਸਰਪੰਚ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਵਲੋਂ ਲਗਾਏ ਗਏ ਦੋਸ਼ ਬੇਬੁਨਿਆਦ ਹਨ, ਜਦੋਂ ਕਿ ਪਹਿਲਾਂ ਉਸ ਨੇ ਕੁਝ ਹੋਰ ਕਿਹਾ ਫਿਰ ਬਦਲ ਕੇ ਕੁਝ ਹੋਰ ਕਹਿਣ ਲੱਗਾ ਜਿਸ ਪਿੱਛੇ ਪਿੰਡ ਦੀ ਸਿਆਸਤ ਹੈ।


Related News