ਢਾਬੇ ''ਤੇ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਵੱਲੋਂ 12 ਕਾਬੂ
Friday, Feb 26, 2021 - 03:34 AM (IST)
ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਪੁਲਸ ਵੱਲੋਂ ਪਿੰਡ ਅਲੀਪੁਰ ਵਿਖੇ ਕੌਮੀ ਮਾਰਗ ’ਤੇ ਸਥਿਤ ਇਕ ਢਾਬੇ ’ਤੇ ਰੇਡ ਕਰ ਕੇ ਕਥਿਤ ਤੌਰ ’ਤੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ ਕਰਦਿਆਂ 8 ਕੁੜੀਆਂ ਅਤੇ 4 ਬੰਦਿਆਂ ਨੂੰ ਕਾਬੂ ਕੀਤਾ ਗਿਆ ਹੈ। ਡੀ. ਐੱਸ. ਪੀ. (ਡੀ.) ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਕ ਔਰਤ ਆਰ. ਐੱਸ. ਢਾਬਾ/ਹੋਟਲ ਅਲੀਪੁਰ ਕਿਰਾਏ ’ਤੇ ਲੈ ਕੇ ਆਪਣੇ ਮੈਨੇਜਰ ਨਾਲ ਰਲ ਕੇ ਦੇਹ ਵਪਾਰ ਦਾ ਧੰਦਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਏ. ਐੱਸ. ਆਈ. ਕਮਲ ਕਿਸ਼ੋਰ ਨੂੰ ਫਰਜ਼ੀ ਗਾਹਕ ਬਣਾ ਕੇ ਸਿਵਲ ਵਰਦੀ ’ਚ ਭੇਜਿਆ ਗਿਆ, ਜਿਨ੍ਹਾਂ ਨੇ ਕਾਊਂਟਰ ’ਤੇ ਬੈਠੇ ਮੈਨੇਜਰ ਨਾਲ ਗੱਲਬਾਤ ਕਰ ਕੇ ‘ਨੰਬਰੀ ਨੋਟ’ ਉਸ ਦੇ ਹਵਾਲੇ ਕਰ ਕੇ ਇਸ਼ਾਰਾ ਕੀਤਾ, ਜਿਸ ਉਪਰੰਤ ਉਨ੍ਹਾਂ ਵੱਲੋਂ ਲੇਡੀ ਪੁਲਸ ਸਮੇਤ ਹੋਟਲ ’ਚ ਰੇਡ ਕੀਤੀ, ਜਿਸ ਦੌਰਾਨ ਤਿੰਨ ਕਮਰਿਆਂ ’ਚੋਂ ਕਥਿਤ ਤੌਰ ’ਤੇ ਤਿੰਨ ਜੋੜੇ ਇਤਰਾਜਯੋਗ ਹਾਲਤ ’ਚ ਮਿਲੇ ਅਤੇ ਪੰਜ ਲੜਕੀਆਂ ਹਾਲ ਕਮਰੇ ’ਚ ਗਾਹਕ ਦਾ ਇੰਤਜਾਰ ਕਰ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ ਹੋਟਲ ਚਲਾਉਣ ਵਾਲੀ ਔਰਤ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਈ। ਪੁਲਸ ਵੱਲੋਂ 8 ਲੜਕੀਆਂ ਅਤੇ ਹੋਟਲ ਮੈਨੇਜਰ ਸਮੇਤ 4 ਬੰਦਿਆਂ ਨੂੰ ਕਾਬੂ ਕਰਨ ਤੋਂ ਇਲਾਵਾ ਸੁਖਵਿੰਦਰ ਕੌਰ ਸੁੱਖੀ ਦੀ ਮੌਕੇ ’ਤੇ ਖੜ੍ਹੀ ਕਾਰ ਪੀ. ਬੀ. 12 ਏ. ਐਫ-3058 ਨੂੰ ਬਤੌਰ ਸਬੂਤ ਕਬਜ਼ੇ ’ਚ ਲੈ ਕੇ ਇਮੋਰਲ ਟ੍ਰੈਫਿਕ ਅਧੀਨ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ’ਚ ਇੰਸਪੈਕਟਰ ਕੁਲਬੀਰ ਸਿੰਘ ਮੁੱਖ ਥਾਣਾ ਅਫਸਰ ਥਾਣਾ ਸਦਰ ਰੂਪਨਗਰ, ਏ. ਐੱਸ. ਆਈ. ਗੁਰਚੈਨ ਸਿੰਘ, ਜਸਮੇਰ ਸਿੰਘ, ਏ. ਐੱਸ. ਆਈ. ਇੰਦਰਜੀਤ ਸਿੰਘ, ਐੱਚ. ਸੀ. ਸੁੱਚਾ ਸਿੰਘ ਵੀ ਸ਼ਾਮਲ ਸਨ।