ਪ੍ਰਾਪਰਟੀ ਟੈਕਸ ਵਸੂਲਣ ਲਈ ਨਿਗਮ ਨੇ ਸੀ. ਐੱਮ. ਸੀ. ਹਸਪਤਾਲ ਨੂੰ ਫਿਰ ਭੇਜਿਆ ਨੋਟਿਸ

12/22/2017 5:43:36 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ ਨੇ 5 ਸਾਲ ਦਾ ਬਕਾਇਆ ਪ੍ਰਾਪਰਟੀ ਟੈਕਸ ਵਸੂਲਣ ਲਈ ਸੀ. ਐੱਮ. ਸੀ. ਹਸਪਤਾਲ ਦੇ 12 ਕੰਪਲੈਕਸਾਂ ਨੂੰ ਇਕ ਵਾਰ ਫਿਰ ਨੋਟਿਸ ਜਾਰੀ ਕੀਤਾ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਨਗਰ ਨਿਗਮ ਵਲੋਂ ਆਪਣੇ ਰਿਕਾਰਡ ਦੇ ਆਧਾਰ 'ਤੇ ਉਨ੍ਹਾਂ ਲੋਕਾਂ ਨੂੰ ਤਾਂ ਟੈਕਸ ਵਸੂਲੀ ਦੇ ਨੋਟਿਸ ਭੇਜੇ ਜਾ ਰਹੇ ਹਨ, ਜੋ ਇਕ ਵਾਰ ਦੇ ਬਾਅਦ ਰੀਟਰਨ ਭਰਨ ਨਹੀਂ ਆਏ ਜਾਂ ਰੈਗੂਲਰ ਟੈਕਸ ਨਹੀਂ ਦੇ ਰਹੇ ਹਨ ਪਰ ਇਕ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ, ਜਿਨ੍ਹਾਂ ਨੇ 2013 ਤੋਂ ਲੈ ਕੇ ਹੁਣ ਤੱਕ ਇਕ ਵਾਰ ਵੀ ਪ੍ਰਾਪਰਟੀ ਟੈਕਸ ਨਹੀਂ ਭਰਿਆ।
ਇਨ੍ਹਾਂ 'ਚੋਂ ਸੀ. ਐੱਮ. ਸੀ. ਹਸਪਤਾਲ ਦੇ 12 ਕੰਪਲੈਕਸਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਦੇ ਨੋਟਿਸ ਅਕਤੂਬਰ ਵਿਚ ਦਿੱਤੇ ਗਏ ਸਨ, ਜਿਨ੍ਹਾਂ ਨੇ ਸੈਲਫ ਅਸੈੱਸਮੈਂਟ ਕਰ ਕੇ ਰੀਟਰਨ ਭਰਨ ਲਈ ਇਕ ਮਹੀਨੇ ਦਾ ਸਮਾਂ ਮੰਗਿਆ ਸੀ। ਉਸ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਟੈਕਸ ਜਮ੍ਹਾ ਕਰਵਾਉਣ ਨੂੰ ਲੈ ਕੇ ਕੋਈ ਪਹਿਲ ਨਹੀਂ ਹੋਈ ਤਾਂ ਨਿਗਮ ਨੇ ਇਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤੇ ਹਨ।
4 'ਚੋਂ ਸਿਰਫ 2 ਸਕੂਲਾਂ ਨੇ ਹੀ ਭਰੀ ਰੀਟਰਨ
ਨਿਗਮ ਨੇ ਅਕਤੂਬਰ ਵਿਚ ਸੀ. ਐੱਮ. ਸੀ. ਹਸਪਤਾਲਾਂ ਦੇ ਨਾਲ ਉਸ ਏਰੀਏ 'ਚ ਬਣੇ ਹੋਏ ਚਾਰ ਸਕੂਲਾਂ ਨੂੰ ਵੀ ਪ੍ਰਾਪਰਟੀ ਟੈਕਸ ਨਾ ਦੇਣ ਦੇ ਦੋਸ਼ 'ਚ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ 'ਚੋਂ ਦੋ ਸਕੂਲਾਂ ਨੇ ਕਿਸ਼ਤਾਂ 'ਚ ਹੀ ਸਹੀ, ਟੈਕਸ ਭਰਨਾ ਸ਼ੁਰੂ ਕਰ ਦਿੱਤਾ ਹੈ ਪਰ ਦੋ ਸਕੂਲਾਂ ਦਾ ਕੋਈ ਜਵਾਬ ਨਹੀਂ ਆਇਆ। ਉਨ੍ਹਾਂ ਨੂੰ ਇਕ ਵਾਰ ਫਿਰ ਨੋਟਿਸ ਭੇਜਿਆ ਗਿਆ ਹੈ।
ਹੁਣ ਅੱਗੇ ਕੀ?
ਨਿਗਮ ਨੇ ਆਪਣੇ ਨੋਟਿਸ ਵਿਚ ਸਾਫ ਲਿਖਿਆ ਹੈ ਕਿ ਜੇਕਰ ਸੀ. ਐੱਮ. ਸੀ. ਹਸਪਤਾਲ ਨੇ ਖੁਦ ਪ੍ਰਾਪਰਟੀ ਟੈਕਸ ਰੀਟਰਨ ਨਾ ਭਰੀ ਤਾਂ ਨਿਗਮ ਸਟਾਫ ਵਲੋਂ ਮੌਕੇ 'ਤੇ ਆ ਕੇ ਅਸੈੱਸਮੈਂਟ ਕੀਤੀ ਜਾਵੇਗੀ, ਜਿਸ ਦੇ ਆਧਾਰ 'ਤੇ ਟੈਕਸ ਦੀ ਡਿਮਾਂਡ ਕੀਤੀ ਜਾਵੇਗੀ ਤੇ ਫਿਰ ਵੀ ਬਕਾਇਆ ਨਾ ਅਦਾ ਕਰਨ ਦੀ ਹਾਲਤ ਵਿਚ ਨਿਯਮਾਂ ਮੁਤਾਬਕ ਪ੍ਰਾਪਰਟੀ ਨੂੰ ਸੀਲ ਕਰ ਕੇ ਅਟੈਚਮੈਂਟ ਰਾਹੀਂ ਨਿਲਾਮ ਵੀ ਕੀਤਾ ਜਾ ਸਕਦਾ ਹੈ।


Related News