ਪ੍ਰਾਪਰਟੀ ਡੀਲਰ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਰਿਕਾਰਡ ਕੀਤਾ ਮੈਸੇਜ

Wednesday, Mar 30, 2022 - 02:27 PM (IST)

ਪ੍ਰਾਪਰਟੀ ਡੀਲਰ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਰਿਕਾਰਡ ਕੀਤਾ ਮੈਸੇਜ

ਲੁਧਿਆਣਾ (ਰਾਜ) : ਪਿੰਡ ਦਾਦ ਦੇ ਇਕ ਪ੍ਰਾਪਰਟੀ ਡੀਲਰ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਪਤੀ ਦੇ ਨਾਲ ਸੌਂ ਰਹੀ ਪਤਨੀ ਨੂੰ ਸਵੇਰੇ ਪਤਾ ਲੱਗਾ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਪਰਮਿੰਦਰਪਾਲ ਸਿੰਘ ਹੈ। ਮਰਨ ਤੋਂ ਪਹਿਲਾਂ ਉਸ ਨੇ ਵਟਸਐਪ ’ਤੇ ਆਪਣੀ ਰਿਕਾਰਡਿੰਗ ਪਾਈ ਸੀ ਕਿ ਉਸ ਦੀ ਮੌਤ ਦਾ ਜ਼ਿੰਮੇਵਾਰ ਰਾਣਾ ਚਾਵਲਾ ਅਤੇ ਚਿੰਟੂ ਹੈ। ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਰਿਕਾਰਡਿੰਗ ਦੇ ਆਧਾਰ ’ਤੇ ਮੁਲਜ਼ਮ ਰਾਣਾ ਚਾਵਲਾ ਅਤੇ ਚਿੰਟੂ ਖ਼ਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਹੈ।

ਗੁਰਮੀਤ ਕੌਰ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਪਤੀ ਪਰਮਿੰਦਰਪਾਲ ਸਿੰਘ ਪ੍ਰਾਪਰਟੀ ਡੀਲਰ ਸਨ। ਉਨ੍ਹਾਂ ਨੇ ਮੁਲਜ਼ਮਾਂ ਤੋਂ ਲੱਖਾਂ ਰੁਪਏ ਲੈਣੇ ਸਨ ਪਰ ਮੁਲਜ਼ਮ ਕਾਫੀ ਸਮੇਂ ਤੋਂ ਟਾਲਮਟੋਲ ਕਰ ਰਹੇ ਸਨ, ਜੋ ਉਨ੍ਹਾਂ ਨੂੰ ਪੈਸੇ ਨਹੀਂ ਦੇ ਰਹੇ ਸਨ ਜਿਸ ਕਾਰਨ ਉਸ ਦੇ ਪਤੀ ਕਾਫੀ ਪ੍ਰੇਸ਼ਾਨ ਰਹਿੰਦੇ ਸਨ। ਬੀਤੀ ਰਾਤ ਨੂੰ ਉਸ ਦੇ ਪਤੀ ਖਾਣਾ ਖਾ ਕੇ ਸੌਂ ਗਏ ਸਨ। ਜਦੋਂ ਸਵੇਰ ਉੱਠੀ ਤਾਂ ਉਸ ਦੇ ਪਤੀ ਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਸੀ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਪਤਾ ਲੱਗਾ ਕਿ ਪਤੀ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਿਆ ਹੈ। ਜਦੋਂ ਉਨ੍ਹਾਂ ਨੇ ਪਤੀ ਦਾ ਮੋਬਾਇਲ ਚੈੱਕ ਕੀਤਾ ਤਾਂ ਉਸ ਅੰਦਰ ਰਿਕਾਰਡਿੰਗ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਉਸ ਦੀ ਮੌਤ ਲਈ ਜ਼ਿੰਮੇਵਾਰ ਉਕਤ ਮੁਲਜ਼ਮ ਹਨ। ਉਧਰ, ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News