ਵਣ ਨਿਗਮ 'ਚ ਪ੍ਰਮੋਸ਼ਨ ਘੋਟਾਲੇ 'ਚ ਐੱਮ. ਡੀ. ਦਾ ਖੁਲਾਸਾ
Wednesday, Sep 02, 2020 - 02:06 PM (IST)
ਚੰਡੀਗੜ੍ਹ (ਕਮਲ) : ਪੰਜਾਬ ਵਣ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਹਰਿੰਦਰ ਸਿੰਘ ਗਰੇਵਾਲ ਨੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਨਾਂ ਹੇਠ 'ਵਣ ਨਿਗਮ 'ਚ ਪ੍ਰਮੋਸ਼ਨ ਘਪਲੇ' ਸਬੰਧੀ ਮੀਡੀਆ 'ਚ ਆਈਆਂ ਖਬਰਾਂ ਨੂੰ ਝੂਠੀਆਂ ਅਤੇ ਤੱਥਾਂ ਤੋਂ ਰਹਿਤ ਦੱਸਦਿਆਂ ਇਨ੍ਹਾਂ ਦਾ ਖੰਡਨ ਕੀਤਾ ਹੈ। ਇੱਥੇ ਜਾਰੀ ਬਿਆਨ ਰਾਹੀਂ ਗਰੇਵਾਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਜੰਗਲਾਤ ਮੰਤਰੀ ਵਣ ਨਿਗਮ ਦੀਆਂ ਤਰੱਕੀਆਂ ਨਹੀਂ ਕਰਦੇ, ਸਗੋਂ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਵਣ ਨਿਗਮ 'ਚ ਪ੍ਰਾਜੈਕਟ ਅਫਸਰ ਅਤੇ ਹੇਠਲੇ ਸਟਾਫ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਲਈ ਸਮਰੱਥ ਅਧਿਕਾਰੀ ਹੁੰਦਾ ਹੈ, ਜਿਸ ਦੀ ਨਿਯੁਕਤੀ ਮੁੱਖ ਮੰਤਰੀ ਦੇ ਪੱਧਰ 'ਤੇ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ 'ਮਜੀਠੀਆ' ਦੀ ਕੈਪਟਨ ਨੂੰ ਸਲਾਹ
ਤਰੱਕੀਆਂ 'ਚ ਜੰਗਲਾਤ ਮੰਤਰੀ ਦੀ ਕੋਈ ਭੂਮਿਕਾ ਨਹੀਂ
ਗਰੇਵਾਲ ਨੇ ਦੱਸਿਆ ਕਿ ਮੈਨੇਜਿੰਗ ਡਾਇਰੈਕਟਰ ਵਲੋਂ ਹੀ ਵਣ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਪੱਧਰ 'ਤੇ ਕੇਵਲ ਯੋਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਕੀਤੀਆਂ ਜਾਂਦੀਆਂ ਹਨ। ਵਣ ਨਿਗਮ ਦੀਆਂ ਤਰੱਕੀਆਂ 'ਚ ਜੰਗਲਾਤ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੈ । ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਵਣ ਨਿਗਮ ਦੇ ਚੇਅਰਮੈਨ ਸਾਧੂ ਸਿੰਘ ਸੰਧੂ ਹਨ, ਜਦਕਿ ਖਬਰ 'ਚ ਸਾਧੂ ਸਿੰਘ ਧਰਮਸੌਤ ਜੰਗਲਾਤ ਮੰਤਰੀ ਨੂੰ ਚੇਅਰਮੈਨ ਲਿਖਿਆ ਗਿਆ ਹੈ। ਇਸ ਕਰਕੇ ਇਸ ਮਾਮਲੇ ਨੂੰ ਲੈ ਕੇ ਕੈਬਨਿਟ ਮੰਤਰੀ ਦਾ ਨਾਂ ਬਿਨਾਂ ਵਜ੍ਹਾ ਨਾਲ ਉਛਾਲਿਆ ਗਿਆ ਹੈ।
ਕਿਵੇਂ ਹੋਈਆਂ ਵਣ ਵਿਭਾਗ 'ਚ ਪ੍ਰਮੋਸ਼ਨਾਂ
ਗਰੇਵਾਲ ਨੇ ਦੱਸਿਆ ਕਿ ਵਣ ਨਿਗਮ 'ਚ ਪਿਛਲੇ 4 ਸਾਲਾਂ ਤੋਂ ਪ੍ਰਾਜੈਕਟ ਅਫਸਰ ਅਤੇ ਡਿਪਟੀ ਪ੍ਰਾਜੈਕਟ ਅਫਸਰ ਦੀ ਕੋਈ ਪ੍ਰਮੋਸ਼ਨ ਨਹੀਂ ਹੋਈ ਸੀ। ਕਾਫ਼ੀ ਸਮੇਂ ਤੋਂ ਵਣ ਨਿਗਮ 'ਚ ਪ੍ਰਾਜੈਕਟ ਅਫਸਰਾਂ ਅਤੇ ਡਿਪਟੀ ਪ੍ਰਾਜੈਕਟ ਅਫਸਰਾਂ ਦੀਆਂ ਖਾਲੀ ਪਈਆਂ ਅਸਾਮੀਆਂ 'ਤੇ ਇਨ੍ਹਾਂ ਕਰਮਚਾਰੀਆਂ ਤੋਂ ਆਰਜ਼ੀ ਤੌਰ 'ਤੇ ਕੰਮ ਲਿਆ ਜਾ ਰਿਹਾ ਸੀ। ਪ੍ਰਾਜੈਕਟ ਅਫਸਰ ਅਤੇ ਡਿਪਟੀ ਪ੍ਰੋਜੈਕਟ ਅਫਸਰ ਨੂੰ ਪ੍ਰਮੋਟ ਕਰਨ ਸਬੰਧੀ ਕਾਰਵਾਈ ਵਿਭਾਗੀ ਤਰੱਕੀ ਕਮੇਟੀ ਕੋਲ ਲਗਭਗ ਜੂਨ 2020 ਤੋਂ ਵਿਚਾਰ ਅਧੀਨ ਸੀ। ਕਮੇਟੀ ਵਲੋਂ ਪ੍ਰਾਜੈਕਟ ਅਫਸਰਾਂ ਦਾ ਰਿਕਾਰਡ ਵਿਚਾਰਿਆ ਗਿਆ ਹੈ ਅਤੇ ਤਰੱਕੀਆਂ ਦਾ ਫੈਸਲਾ ਵੀ ਕਮੇਟੀ ਵਲੋਂ ਹੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਵਿਭਾਗੀ ਤਰੱਕੀ ਕਮੇਟੀ ਵਲੋਂ 30 ਸਤੰਬਰ ਅਤੇ 30 ਨਵੰਬਰ, 2020 ਤੋਂ ਖਾਲੀ ਹੋਣ ਵਾਲੀ ਅਸਾਮੀ 'ਤੇ ਸੀਨੀਆਰਤਾ ਅਨੁਸਾਰ ਬਣਦੇ ਕਰਮਚਾਰੀਆਂ ਦਾ ਰਿਕਾਰਡ ਵਿਚਾਰਿਆ ਗਿਆ ਸੀ। ਵਣ ਨਿਗਮ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਅਤੇ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰੋਕਤ ਮਿਤੀਆਂ ਤੋਂ ਖਾਲੀ ਹੋ ਰਹੀਆਂ ਅਸਾਮੀਆਂ 'ਤੇ ਕਮੇਟੀ ਵਲੋਂ ਹੀ ਯੋਗ ਪਾਏ ਗਏ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਠੱਪ ਹੋਇਆ ਕੰਮ ਤਾਂ ਕਰਨ ਲੱਗਾ ਮਜ਼ਦੂਰੀ, ਇੰਝ ਆਈ ਮੌਤ ਕਿ ਸੋਚਿਆ ਨਾ ਸੀ
ਧਰਮਸੌਤ ਨੇ 'ਆਪ' ਨੂੰ ਆਧਾਰਹੀਣ ਮੁੱਦੇ 'ਤੇ ਬਿਆਨਬਾਜ਼ੀ ਕਰਨ ਲਈ ਪਾਈ ਝਾੜ
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ 'ਵਣ ਨਿਗਮ 'ਚ ਪ੍ਰਮੋਸ਼ਨ ਘਪਲੇ' ਸਬੰਧੀ ਮੀਡੀਆ 'ਚ ਫੈਲਾਈਆਂ ਜਾ ਰਹੀਆਂ ਖਬਰਾਂ ਨੂੰ ਝੂਠੀਆਂ ਅਤੇ ਤੱਥਾਂ ਤੋਂ ਰਹਿਤ ਗਰਦਾਨਦਿਆਂ ਆਮ ਆਦਮੀ ਪਾਰਟੀ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਆਧਾਰਹੀਣ, ਬੇਬੁਨਿਆਦ ਤੇ ਮੰਦਭਾਗਾ ਦੱਸਿਆ ਹੈ । ਇੱਥੇ ਧਰਮਸੌਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ 'ਆਪ' ਨੇਤਾ ਵਿਭਾਗ ਦੀ ਕਾਰਜਪ੍ਰਣਾਲੀ ਤੋਂ ਵਾਕਿਫ ਨਹੀਂ ਹਨ, ਕਿਉਂਕਿ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਪੱਧਰ 'ਤੇ ਕੀਤੀ ਜਾਂਦੀ ਹੈ। 'ਆਪ' ਨੂੰ ਆਪਣੇ ਸਿਆਸੀ ਮੁਫਾਦ ਲਈ ਦੋਸ਼ ਲਾਉਣ ਵਾਲੀ ਆਦਤ ਤੋਂ ਮਜਬੂਰ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਅਧਿਕਾਰੀ ਅਤੇ ਹੋਰ ਸਟਾਫ ਦੀ ਪ੍ਰਮੋਸ਼ਨ ਦਾ ਅਧਿਕਾਰ ਮੈਨੇਜਿੰਗ ਡਾਇਰੈਕਟਰ ਦਫਤਰ ਕੋਲ ਹੈ। ਉਨ੍ਹਾਂ ਕਿਹਾ ਕਿ ਮੇਰੀ ਪ੍ਰਮੋਸ਼ਨ ਵਿਚ ਕੋਈ ਭੂਮਿਕਾ ਨਹੀਂ ਹੈ ਪਰ ਇਹ ਸਪੱਸ਼ਟ ਹੈ ਕਿ 'ਆਪ' ਪ੍ਰਸ਼ਾਸਨਿਕ ਤਜ਼ਰਬੇ ਨੂੰ ਨਹੀਂ ਸਮਝ ਸਕੇਗੀ ਕਿਉਂਕਿ ਉਸਦਾ ਦਫਤਰੀ ਕੰਮਕਾਜ ਵਿਚ ਕੋਈ ਤਜ਼ਰਬਾ ਨਹੀਂ ਹੈ ।