ਜੇ. ਐੱਨ. ਯੂ. ਪ੍ਰੋਫੈਸਰ ਅਪੂਰਵਾਨੰਦ ਤੋਂ ਵਿਦਿਆਰਥੀਆਂ ਨੇ ਮੰਗੇ ਜਵਾਬ ਤਾਂ ਭੜਕੇ

Friday, Jan 26, 2018 - 07:48 AM (IST)

ਜੇ. ਐੱਨ. ਯੂ. ਪ੍ਰੋਫੈਸਰ ਅਪੂਰਵਾਨੰਦ ਤੋਂ ਵਿਦਿਆਰਥੀਆਂ ਨੇ ਮੰਗੇ ਜਵਾਬ ਤਾਂ ਭੜਕੇ

ਚੰਡੀਗੜ੍ਹ  (ਰਸ਼ਿਮ ਹੰਸ) —ਪੰਜਾਬ ਯੂਨੀਵਰਸਿਟੀ ਦੇ ਸੋਸ਼ਿਆਲੋਜੀ ਵਿਭਾਗ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਵਾਦਪੂਰਨ ਪ੍ਰੋਫੈਸਰ ਅਪੂਰਵਾਨੰਦ 'ਦਿ ਲਾਸਟ ਬੈਟਲ ਆਫ ਗਾਂਧੀ' ਵਿਸ਼ੇ 'ਤੇ ਵਿਚਾਰ ਚਰਚਾ ਕਰਨ ਲਈ ਆਏ ਸਨ। ਉਨ੍ਹਾਂ ਨੂੰ ਵਿਦਿਆਰਥੀਆਂ ਨੇ ਸਵਾਲਾਂ ਵਿਚ ਅਜਿਹਾ ਉਲਝਾਇਆ ਕਿ ਉਹ ਬੌਖਲਾ ਗਏ ਅਤੇ ਰੌਲਾ ਪਾਉਣ ਲੱਗੇ ਕਿ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰੋ, ਮੈਂ ਲੈਕਚਰ ਦੇ ਕੇ ਬਾਹਰ ਆਉਂਦਾ ਹਾਂ, ਜਿਸ ਨੇ ਮਾਰਨਾ ਹੈ ਮਾਰ ਲਵੇ। ਵਿਦਿਆਰਥੀਆਂ ਨੇ ਇਸ 'ਤੇ ਉਨ੍ਹਾਂ ਨੂੰ ਘੇਰ ਲਿਆ, ਜਿਨ੍ਹਾਂ ਦਾ ਕਹਿਣਾ ਸੀ ਕਿ ਮਾਰ ਕੇ ਤੁਹਾਨੂੰ ਹੀਰੋ ਨਹੀਂ ਬਣਾਵਾਂਗੇ। ਇਸ ਲਈ ਜਿਹੜੇ ਸਵਾਲ ਹਨ ਉਨ੍ਹਾਂ ਦਾ ਜਵਾਬ ਦਿਓ ਕਿ ਕਿਉਂ ਖਾਲਿਦ ਮਸੂਦ ਨੂੰ ਤੁਸੀਂ ਆਪਣਾ ਬੇਟਾ ਦੱਸਿਆ ਸੀ?
ਗੱਲ ਵਿਗੜਦੀ ਵੇਖ ਕੇ ਪ੍ਰਬੰਧਕਾਂ ਨੇ ਪੁਲਸ ਨੂੰ ਸੱਦ ਲਿਆ, ਜਿਸ ਨੇ ਪ੍ਰੋ. ਅਪੂਰਵਾਨੰਦ ਨੂੰ ਸੁਰੱਖਿਅਤ ਰਵਾਨਾ ਕੀਤਾ। ਏ. ਬੀ. ਵੀ. ਪੀ. ਦੇ ਸੌਰਵ ਨੇ ਕਿਹਾ ਕਿ ਕੈਂਪਸ ਵਿਚ ਕਿਹੜੇ ਲੋਕ ਆ ਰਹੇ ਹਨ, ਇਹ ਸੋਚਣ ਵਾਲਾ ਵਿਸ਼ਾ ਹੈ। ਕੈਂਪਸ ਵਿਚ ਜੇ. ਐੱਨ. ਯੂ. ਦੇ ਵਿਵਾਦਪੂਰਨ ਪ੍ਰੋਫੈਸਰ ਤੇ ਹੋਰ ਲੋਕ ਸੱਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਪਿੱਛੇ ਵੀ ਸਾਜ਼ਿਸ਼ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਦੇਸ਼ ਵਿਰੋਧੀ ਨਾਅਰੇ ਲਾਉਣ 'ਤੇ ਉਮਰ ਖਾਲਿਦ 'ਤੇ  ਦੇਸ਼-ਧ੍ਰੋਹ ਦਾ ਮਾਮਲਾ ਦਰਜ ਹੋਇਆ ਸੀ। ਪ੍ਰੋ. ਅਪੂਰਵਾਨੰਦ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਹਾਤਮਾ ਗਾਂਧੀ ਕਾਰਨ ਹੀ ਭਗਤ ਸਿੰਘ ਨੂੰ ਫਾਂਸੀ ਹੋਈ ਸੀ, ਜਿਸ 'ਤੇ ਵਿਦਿਆਰਥੀ ਗੁੱਸੇ ਵਿਚ ਆ ਗਏ ਅਤੇ ਪ੍ਰੋ. ਅਪੂਰਵਾਨੰਦ ਨੂੰ ਆਪਣੇ ਸ਼ਬਦ ਵਾਪਸ ਲੈਣੇ ਪਏ। ਪ੍ਰੋ. ਅਪੂਰਵਾਨੰਦ ਨੇ ਵਿਦਿਆਰਥੀਆਂ ਨੂੰ ਨਾਸਤਿਕ ਵੀ ਕਿਹਾ, ਜਿਸ 'ਤੇ ਵਿਦਿਆਰਥੀਆਂ ਦਾ ਭੜਕਣਾ ਲਾਜ਼ਮੀ ਸੀ। ਪ੍ਰੋਫੈਸਰ ਨੇ ਕਿਹਾ ਕਿ ਏ. ਬੀ. ਵੀ. ਪੀ. ਵਾਲਿਆਂ ਨੇ ਕਦੇ ਇਤਿਹਾਸ ਦੱਸਣ ਵਾਲੀਆਂ ਕਿਤਾਬਾਂ ਹੀ ਨਹੀਂ ਪੜ੍ਹੀਆਂ ਤੇ ਇਹੋ ਕਾਰਨ ਹੈ ਕਿ ਉਹ ਉਨ੍ਹਾਂ ਦੀ ਗੱਲ ਨੂੰ ਸਮਝ ਨਹੀਂ ਰਹੇ ਅਤੇ ਵਿਵਾਦ ਖੜ੍ਹਾ ਕਰ ਰਹੇ ਹਨ।


Related News