ਖੁੱਲ੍ਹੇੇ ਆਸਮਾਨ ਹੇਠ ਲੱਗੇ ''ਕਣਕ'' ਦੇ ਅੰਬਾਰ, ਖਰੀਦ ਏਜੰਸੀਆਂ ਕੋਲ ਬਾਰਦਾਨਾ ਖਤਮ
Thursday, May 02, 2019 - 11:39 AM (IST)

ਜਗਰਾਓਂ : ਪੰਜਾਬ ਦੀਆਂ ਖਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਘਾਟ ਕਾਰਨ ਖੁੱਲ੍ਹੇ ਆਸਮਾਨ ਹੇਠ ਕਣਕ ਦੇ ਅੰਬਾਰ ਲੱਗ ਚੁੱਕੇ ਹਨ। ਅਜਿਹੇ ਹਾਲਾਤ 'ਚ ਕਿਸਾਨਾਂ ਨੂੰ ਕਣਕ ਵੇਚਣ ਲਈ ਅਨਾਜ ਮੰਡੀਆਂ 'ਚ ਰਾਤਾਂ ਕੱਟਣ ਨੂੰ ਮਜ਼ਬੂਰ ਹੋਣਾ ਪੈ ਸਕਦਾ ਹੈ, ਉੱਥੇ ਹੀ ਬਾਰਦਾਨੇ ਦੀ ਇਕਦਮ ਆਈ ਘਾਟ ਦਾ ਨਤੀਜਾ ਕਾਂਗਰਸ ਨੂੰ ਚੋਣਾਂ 'ਚ ਭੁਗਤਣਾ ਪੈ ਸਕਦਾ ਹੈ ਕਿਉਂਕਿ ਇਸ ਮੌਕੇ ਸੂਬੇ 'ਚ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਵਿਭਾਗ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ 'ਚ ਲੋੜੀਂਦੇ ਬਾਰਦਾਨੇ ਦਾ ਸਟਾਕ ਖਤਮ ਹੋਣ ਕਾਰਨ ਅਨਾਜ ਮੰਡੀਆਂ 'ਚ ਖਰੀਦ ਕਰ ਰਹੀਆਂ ਏਜੰਸੀਆਂ ਨੂੰ ਆਪਣੇ ਪੱਧਰ 'ਤੇ ਬਾਰਦਾਨੇ ਦਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਪਣੇ ਪੱਧਰ 'ਤੇ ਕਣਕ ਦੀ ਖਰੀਦ ਲਈ ਨਿਜੀ ਕੰਪਨੀ ਤੋਂ ਬਾਰਦਾਨਾ ਖਰੀਦਣ ਜਾਂ ਫਿਰ ਸ਼ੈਲਰ ਮਾਲਕਾਂ ਜਾਂ ਆੜ੍ਹਤੀਆਂ ਕੋਲੋਂ ਪੁਰਾਣਾ ਬਾਰਦਾਨਾ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ। ਵਿਭਾਗ ਨੇ ਖਰੀਦ ਏਜੰਸੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਪੁਰਾਣਾ ਬਾਰਦਾਨਾ ਵਰਤਣ ਤੋਂ ਪਹਿਲਾਂ ਇਸ ਦੀ ਮਨਜ਼ੂਰੀ ਕੇਂਦਰੀ ਖਰੀਦ ਏਜੰਸੀ (ਐੱਫ. ਸੀ. ਆਈ.) ਤੋਂ ਲੈਣ।