ਧਰਨਿਆਂ ਦੌਰਾਨ ਲੋਕਾਂ ਦੀ ਹੁੰਦੀ ਹੈ ਭਾਰੀ ਖੱਜਲ-ਖੁਆਰੀ

Sunday, Dec 17, 2017 - 08:12 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ  (ਸੁਖਪਾਲ) - ਜਦੋਂ ਕਿਤੇ ਸਿਆਸੀ ਪਾਰਟੀਆਂ, ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਆਦਿ ਵੱਲੋਂ ਰੋਸ ਮੁਜ਼ਾਹਰੇ ਕਰ ਕੇ ਸੜਕਾਂ ਉਪਰ ਟਰੈਫਿਕ ਜਾਮ ਕਰ ਦਿੱਤਾ ਜਾਂਦਾ ਹੈ ਤਾਂ ਉੱਥੋਂ ਲੰਘਣ ਵਾਲਾ ਹਰ ਵਿਅਕਤੀ ਤੰਗ-ਪ੍ਰੇਸ਼ਾਨ ਅਤੇ ਖੱਜਲ-ਖੁਆਰ ਹੁੰਦਾ ਹੈ। ਲੋਕਾਂ ਦੇ ਵਾਹਨ ਟਰੈਫਿਕ ਵਿਚ ਫਸ ਜਾਂਦੇ ਹਨ ਤੇ ਕਈ-ਕਈ ਘੰਟੇ ਜਾਮ ਨਹੀਂ ਖੋਲ੍ਹਿਆ ਜਾਂਦਾ। ਧਰਨੇ ਮੁਜ਼ਾਹਰੇ ਕਰਨ ਵਾਲੇ ਤਾਂ ਆਪਣਾ ਹੱਕ ਲੈਣ ਲਈ ਅਤੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਅਜਿਹਾ ਕਰਦੇ ਹਨ ਪਰ ਇਸ ਤਰ੍ਹਾਂ ਕਰਨ ਨਾਲ ਲੋਕਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਕਰਨ ਵਾਲੇ ਲੋਕ ਧਰਨਿਆਂ ਦੌਰਾਨ ਸੜਕਾਂ 'ਤੇ ਲੱਗੇ ਜਾਮ 'ਚ ਫਸ ਕੇ ਰਹਿ ਜਾਂਦੇ ਹਨ ਤੇ ਦਫਤਰ ਪਹੁੰਚਣ ਤੱਕ ਲੇਟ ਹੋ ਜਾਂਦੇ ਹਨ।
ਲੋਕਾਂ ਨੂੰ ਕਈ-ਕਈ ਘੰਟੇ ਭੁੱਖੇ-ਤਿਹਾਏ ਰਹਿ ਕੇ ਇੰਤਜ਼ਾਰ ਕਰਨਾ ਪੈਂਦੈ
ਧਰਨਿਆਂ ਦੌਰਾਨ ਹੋਣ ਵਾਲੇ ਟਰੈਫਿਕ ਜਾਮ ਕਰ ਕੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਕਈ-ਕਈ ਘੰਟੇ ਭੁੱਖੇ-ਤਿਹਾਏ ਰਹਿ ਕੇ ਜਾਮ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅੱਜਕਲ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਬੀਮਾਰੀ ਚਿੰਬੜੀ ਹੋਈ ਹੈ, ਜਿਸ ਕਰ ਕੇ ਉਨ੍ਹਾਂ ਲਈ ਲੰਮਾ ਸਮਾਂ ਖੜ੍ਹਨਾ ਬੜਾ ਮੁਸ਼ਕਲ ਤੇ ਔਖਾ ਹੋ ਜਾਂਦਾ ਹੈ। ਲੋਕਤੰਤਰ 'ਚ ਰੋਸ ਪ੍ਰਗਟ ਕਰਨਾ ਜਾਇਜ਼ ਹੈ ਅਤੇ ਕੋਈ ਵੀ ਆਪਣਾ ਹੱਕ ਮੰਗ ਸਕਦਾ ਹੈ ਪਰ ਸੰਘਰਸ਼ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਮ ਲੋਕਾਂ ਦਾ ਵੀ ਧਿਆਨ ਰੱਖਣ ਅਤੇ ਸੜਕਾਂ 'ਤੇ ਟਰੈਫਿਕ ਜਾਮ ਕਰ ਕੇ ਲੋਕਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਸਗੋਂ ਸਰਕਾਰ ਦੇ ਨੁਮਾਇੰਦਿਆਂ, ਵਿਧਾਇਕਾਂ, ਮੰਤਰੀਆਂ, ਮੈਂਬਰ ਪਾਰਲੀਮੈਂਟਾਂ ਅਤੇ ਮੁੱਖ ਮੰਤਰੀ ਦੇ ਘਰਾਂ ਨੂੰ ਘੇਰਿਆ ਜਾਵੇ ਜਾਂ ਐੱਸ. ਡੀ. ਐੱਮ. ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਨੂੰ ਘੇਰਾ ਪਾਇਆ ਜਾਵੇ। ਇਹ ਮੁੱਦਾ ਬੜਾ ਗੰਭੀਰ ਅਤੇ ਚਿੰਤਾਜਨਕ ਹੈ।


Related News