ਫਿਲਟਰ ਸੈੱਟ ਦੀ ਅਣਹੋਂਦ ਕਾਰਨ ਇਲਾਜ ''ਚ ਹੋ ਰਹੀ ਲਾਪ੍ਰਵਾਹੀ
Saturday, Nov 04, 2017 - 07:43 AM (IST)

ਫ਼ਰੀਦਕੋਟ (ਹਾਲੀ) - ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਦਾ ਇਲਾਜ ਕਰਨ ਪ੍ਰਤੀ ਕਥਿਤ ਤੌਰ 'ਤੇ ਲਾਪ੍ਰਵਾਹੀ ਵਿਖਾਈ ਜਾ ਰਹੀ ਹੈ। ਇਸ ਰੋਗ ਨਾਲ ਪੀੜਤ ਬੱਚਿਆਂ ਨੂੰ ਹਰ ਤਿੰਨ ਹਫ਼ਤਿਆਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ ਪਰ ਮੈਡੀਕਲ ਕਾਲਜ ਹਸਪਤਾਲ ਵਿਚ ਇਲਾਜ ਕਰਵਾ ਰਹੇ ਬੱਚਿਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਬਿਨਾਂ ਫਿਲਟਰ ਦੇ ਹੀ ਖੂਨ ਲਾਇਆ ਜਾ ਰਿਹਾ ਹੈ। ਵਾਰ-ਵਾਰ ਸ਼ਿਕਾਇਤਾਂ ਕਰਨ 'ਤੇ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਪੀੜਤ ਬੱਚਿਆਂ ਦੇ ਮਾਪਿਆਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੇ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਥੈਲੇਸੀਮੀਆ ਨਾਲ ਪ੍ਰਭਾਵਿਤ 18 ਸਾਲ ਤੱਕ ਦੇ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਚ ਵੀ ਜ਼ਿਲਾ ਫ਼ਰੀਦਕੋਟ ਸਮੇਤ ਸ੍ਰੀ ਮੁਕਤਸਰ ਸਾਹਿਬ, ਮੋਗਾ, ਫਿਰੋਜ਼ਪੁਰ, ਬਠਿੰਡਾ ਜ਼ਿਲਿਆਂ ਦੇ ਕਰੀਬ 50 ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਦਾ ਸਾਰਾ ਪੈਸਾ ਹਸਪਤਾਲ ਨੂੰ ਕੇਂਦਰ ਸਰਕਾਰ ਤੋਂ ਮਿਲਦਾ ਹੈ। ਹਸਪਤਾਲ ਵਿਚ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਮਾਪਿਆਂ ਨੇ ਦੱਸਿਆ ਕਿ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਨੂੰ ਖੂਨ ਚੜ੍ਹਾਉਣ ਸਮੇਂ ਵਰਤੋਂ ਹੋਣ ਵਾਲਾ ਫਿਲਟਰ ਸੈੱਟ ਪਿਛਲੇ ਛੇ ਮਹੀਨਿਆਂ ਤੋਂ ਹਸਪਤਾਲ ਵਿਚ ਮੌਜੂਦ ਹੀ ਨਹੀਂ ਹੈ। ਅਜਿਹੇ ਵਿਚ ਡਾਕਟਰ ਬਿਨਾਂ ਫਿਲਟਰ ਹੀ ਬੱਚਿਆਂ ਨੂੰ ਖੂਨ ਚੜ੍ਹਾ ਰਹੇ ਹਨ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਬਿਨਾਂ ਫਿਲਟਰ ਦੇ ਖੂਨ ਚੜ੍ਹਾਉਣ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਹੋਰ ਬੀਮਾਰੀਆਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮਾਪਿਆਂ ਅਨੁਸਾਰ ਬਿਨਾਂ ਫਿਲਟਰ ਖੂਨ ਦੇ ਕਾਰਨ ਉਨ੍ਹਾਂ ਦੇ ਬੱਚਿਆਂ ਵਿਚ ਕਾਲਾ ਪੀਲੀਆ ਦੀ ਸ਼ਿਕਾਇਤ ਪਾਈ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਦੀ ਜਥੇਬੰਦੀ ਨੇ ਤਿੰਨ ਮਹੀਨੇ ਪਹਿਲਾਂ ਵੀ ਹਸਪਤਾਲ ਪ੍ਰਸ਼ਾਸਨ ਨੂੰ ਸ਼ਿਕਾਇਤ ਸੌਂਪੀ ਸੀ ਪਰ ਉਸ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਕੀ ਕਹਿਣਾ ਹੈ ਮੈਡੀਕਲ ਪ੍ਰਿੰਸੀਪਲ ਦਾ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਪ੍ਰਿੰਸੀਪਲ ਡਾ. ਦੀਪਕ ਭੱਟੀ ਨੇ ਸਵੀਕਾਰ ਕੀਤਾ ਕਿ ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਲਈ ਖੂਨ ਲਾਉਣ ਵਾਲਾ ਫਿਲਟਰ ਸੈੱਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸੈੱਟ ਸਪਲਾਈ ਕਰਨ ਵਾਲੀ ਕੰਪਨੀ ਨੇ ਪੁਰਾਣੇ ਰੇਟ 'ਤੇ ਮਾਲ ਸਪਲਾਈ ਕਰਨਾ ਬੰਦ ਕਰ ਦਿੱਤਾ ਹੈ, ਜਦਕਿ ਨਵਾਂ ਰੇਟ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਜਾਇਜ਼ ਰੇਟ 'ਤੇ ਸੈੱਟ ਖਰੀਦਣ ਨੂੰ ਲੈ ਕੇ ਪ੍ਰੀਕਿਰਿਆ ਚੱਲ ਰਹੀ ਹੈ ਤੇ ਛੇਤੀ ਹੀ ਇਸ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਕਿ ਬਿਨਾਂ ਸੈੱਟ ਤੋਂ ਖੂਨ ਚੜ੍ਹਾਉਣ ਨਾਲ ਬੱਚਿਆਂ ਨੂੰ ਕੋਈ ਨੁਕਸਾਨ ਹੁੰਦਾ ਹੈ।