ਨਿਜੀ ਯੂਨੀਵਰਸਿਟੀ ’ਚ ਮੌਜੂਦ 2400 ਵਿਦਿਆਰਥੀ, ਸਿਹਤ ਵਿਭਾਗ ਨੇ 70 ਸ਼ੱਕੀਆਂ ਦਾ ਕਰਾਇਆ ਟੈਸਟ
Wednesday, Apr 15, 2020 - 11:12 PM (IST)
ਫਗਵਾੜਾ,(ਜਲੋਟਾ): ਸ਼ਹਿਰ ਦੀ ਇਕ ਨਿਜੀ ਯੂਨੀਵਰਸਿਟੀ ਜਿਸ ਦੀ ਵਿਦਿਆਰਥਣ ਕੋਰੋਨਾ ਵਾਇਰਸ ਨਾਲ ਪੀੜਤ ਹੈ, ’ਚ ਅਜੇ ਵੀ 2400 ਵਿਦਿਆਰਥੀ ਮੌਜੂਦ ਹਨ। ਜਿਨ੍ਹਾਂ ਦੀ ਸੁਰੱਖਿਆ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਨਿਯਮਾਂ ਤਹਿਤ ਪੂਰਣ ਰੂਪ ਨਾਲ ਸੁਰੱਖਿਆ ਉਪਾਅ ਦੀ ਪਾਲਣਾ ਕਰਵਾਈ ਜਾ ਰਹੀ ਹੈ। ਇਹ ਖੁਲ੍ਹਾਸਾ ਜਿਲਾ ਕਪੂਰਥਲਾ ਡੀ. ਸੀ. ਦੀਪਤੀ ਉਪਲ ਨੇ ਕਰਦੇ ਹੋਏ ਦੱਸਿਆ ਕਿ ਅੱਜ ਯੂਨੀਵਰਸਿਟੀ ਪ੍ਰੀਸ਼ਦ ’ਚ ਸ਼ੱਕੀ ਪਾਏ ਜਾਣ ’ਤੇ ਕਰੀਬ 70 ਹੋਰ ਲੋਕਾਂ, ਵਿਦਿਆਰਥੀਆਂ ਆਦਿ ਦੇ ਕੋਰੋਨਾ ਸਵੈਬ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਅੰਮ੍ਰਿਤਸਰ ਸਥਿਤ ਸਰਕਾਰੀ ਮੈਡੀਕਲ ਲੈਬ ’ਚ ਭੇਜਿਆ ਜਾ ਰਿਹਾ ਹੈ। ਇਨ੍ਹਾਂ ਦੀ ਰਿਪੋਰਟ ਜਲਦ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਯੂਨੀਵਰਸਿਟੀ ’ਚ ਮੌਜੂਦ ਵਿਦਿਆਰਥੀਆਂ, ਯੂਨੀਵਰਸਿਟੀ ਸਟਾਫ, ਕਰਮਚਾਰੀ ਆਦਿ ਜਿਨ੍ਹਾਂ ਦੀ ਕੁੱਲ ਗਿਣਤੀ 3277 ਦੇ ਕਰੀਬ ਦੱਸੀ ਜਾ ਰਹੀ ਹੈ ’ਚ ਅਜੇ ਤਕ ਕੁੱਲ 750 ਦੇ ਕਰੀਬ ਲੋਕਾਂ ਦੀ ਮੈਡੀਕਲ ਸਕਰੀਨਿੰਗ ਕਰਵਾਈ ਜਾ ਚੁਕੀ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸਾਰੇ 3277 ਲੋਕਾਂ ਦੇ ਸਿਹਤ ਦੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਜੋ ਵੀ ਸ਼ੱਕੀ ਹਾਲਤ ’ਚ ਪਾਇਆ ਜਾਵੇਗਾ ਉਸ ਦਾ ਕੋਰੋਨਾ ਸਵੈਬ ਟੈਸਟ ਕੀਤਾ ਜਾਵੇਗਾ। ਡੀ. ਸੀ. ਦੀਪਤੀ ਉਪਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਕੋਲ ਬਹੁਤ ਜਲਦ ਕੋਰੋਨਾ ਵਾਇਰਸ ਦੇ ਟੈਸਟ ਲਈ ਕਿੱਟਾਂ ਆ ਰਹੀਆਂ ਹਨ। ਇਸ ਦੇ ਆਉਣ ਤੋਂ ਬਾਅਦ ਬੇਹਦ ਘੱਟ ਸਮੇਂ ’ਚ ਪੀੜਤ ਹੋਏ ਰੋਗੀ ਦਾ ਪਤਾ ਲੱਗ ਸਕੇਗਾ। ਡੀ. ਸੀ. ਕਪੂਰਥਲਾ ਨੇ ਕਿਹਾ ਕਿ ਪ੍ਰਸ਼ਾਸਨਿਕ ਤੌਰ ’ਤੇ ਯੂਨੀਵਰਸਿਟੀ ਪ੍ਰੀਸ਼ਦ ’ਚ ਸਮਾਜਿਕ ਦੂਰੀ ਤੋਂ ਲੈ ਕੇ ਹਰ ਉਹ ਕਾਰਜ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ’ਚ ਪ੍ਰਭਾਵੀ ਹੈ ਦੀ ਪਾਲਣਾ ਸਖ਼ਤੀ ਨਾਲ ਕਰਵਾਈ ਜਾ ਰਹੀ ਹੈ।