ਚੰਡੀਗੜ੍ਹ ਦੇ ਨਿੱਜੀ ਸਕੂਲ ਵਧਾਉਣਗੇ ਫ਼ੀਸਾਂ, ਐਸੋਸੀਏਸ਼ਨ ਨੇ ਪ੍ਰਸ਼ਾਸਨ ਨੂੰ ਲਿਖੀ ਚਿੱਠੀ

03/17/2022 2:32:43 PM

ਚੰਡੀਗੜ੍ਹ (ਅਸ਼ੀਸ਼) : ਕੋਰੋਨਾ ਕਾਰਨ 2 ਸਾਲਾਂ ਤੋਂ ਚੰਡੀਗੜ੍ਹ ਦੇ ਨਿੱਜੀ ਸਕੂਲਾਂ ਵਿਚ ਫ਼ੀਸ ਵਧਾਉਣ ’ਤੇ ਰੋਕ ਲਾਈ ਹੋਈ ਸੀ ਪਰ ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਨਿਯਮ ਅਨੁਸਾਰ ਹਰ ਸਾਲ 8 ਫ਼ੀਸਦੀ ਫ਼ੀਸ ਵਧਾਉਣੀ ਹੁੰਦੀ ਹੈ। ਇਸ ਲਈ ਨਵੇਂ ਸੈਸ਼ਨ ਤੋਂ ਇਸ ਵਾਰ ਵੀ ਫ਼ੀਸ ਵਿਚ ਵਾਧਾ ਹੋਣਾ ਤੈਅ ਹੈ। ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਫ਼ੀਸ ਵਧਾਉਣ ਦੀ ਬਜਾਏ ਨਿੱਜੀ ਸਕੂਲਾਂ ਨੂੰ ਫ਼ੀਸ ਘੱਟ ਕਰਨੀ ਚਾਹੀਦੀ ਹੈ। ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਫ਼ੀਸ ਵਿਚ 15 ਫ਼ੀਸਦੀ ਤੱਕ ਕਟੌਤੀ ਦੀ ਮੰਗ ਕੀਤੀ ਹੈ। ਇਹ ਮੰਗ ਪ੍ਰਸ਼ਾਸਨ ਤੋਂ ਕੀਤੀ ਗਈ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਮਾਪਿਆਂ ਦੀ ਆਰਥਿਕ ਹਾਲਤ ਖ਼ਰਾਬ ਹੈ। ਇਸ ਲਈ ਪ੍ਰਸ਼ਾਸਨ ਨੂੰ ਫ਼ੀਸ ਘੱਟ ਕਰਨ ਦੇ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਨੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੂੰ ਇਹ ਅਪੀਲ ਕੀਤੀ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਕੋਰੋਨਾ ਕਾਲ ਵਿਚ ਸਕੂਲਾਂ ਦਾ ਮੁੱਢਲੇ ਢਾਂਚੇ ਲਈ ਕੋਈ ਖ਼ਰਚ ਨਹੀਂ ਹੋਇਆ। ਇਸ ਕਾਰਨ ਸਾਰੇ ਨਿੱਜੀ ਸਕੂਲ ਵੱਡੇ ਲਾਭ ਵਿਚ ਚੱਲ ਰਹੇ ਹਨ। ਪ੍ਰਸ਼ਾਸਨ ਸੈਸ਼ਨ 2022-23 ਦੀ ਫ਼ੀਸ ਵਿਚ 15 ਫ਼ੀਸਦੀ ਕਟੌਤੀ ਕਰੇ, ਤਾਂ ਜੋ ਮਾਪਿਆਂ ਨੂੰ ਵੀ ਰਾਹਤ ਮਿਲ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਬੁਰੀ ਖ਼ਬਰ, ਕੋਲਾ ਸੰਕਟ ਕਾਰਨ ਬਿਜਲੀ ਦੇ ਵੱਡੇ ਕੱਟ ਲੱਗਣ ਦਾ ਖ਼ਦਸ਼ਾ
ਆਫਲਾਈਨ ਪੜ੍ਹਾਈ ਲਈ ਅਨੁਕੂਲ ਨਹੀਂ ਹੈ ਮਾਹੌਲ
ਪ੍ਰਾਈਵੇਟ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨਿਤਿਨ ਗੋਇਲ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਸਕੂਲ ਸ਼ੁਰੂ ਕਰਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਪਰ ਨਿੱਜੀ ਸਕੂਲ ਆਫਲਾਈਨ ਦੀ ਬਜਾਏ ਆਨਲਾਈਨ ਪੜ੍ਹਾਈ ਹੀ ਕਰਵਾ ਰਹੇ ਹਨ। ਅਜੇ ਵੀ ਕੋਰੋਨਾ ਦਾ ਖ਼ਤਰਾ ਲੋਕਾਂ ਦੇ ਮਨਾਂ ਵਿਚ ਘੱਟ ਨਹੀਂ ਹੋਇਆ ਹੈ। ਸਕੂਲ ਦੇ ਮੁੱਢਲੇ ਢਾਂਚੇ ’ਤੇ ਕੋਈ ਖ਼ਰਚ ਨਹੀਂ ਹੋ ਰਿਹਾ। ਇਸ ਲਈ ਫ਼ੀਸ ਲਾਜ਼ਮੀ ਤੌਰ ’ਤੇ ਘੱਟ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਆਪ' ਦੀ ਸਰਕਾਰ ਬਣਦੇ ਹੀ 'ਪ੍ਰਕਾਸ਼ ਸਿੰਘ ਬਾਦਲ' ਨੇ ਲਿਆ ਵੱਡਾ ਫ਼ੈਸਲਾ
ਕੋਰੋਨਾ ਕਾਰਨ ਫ਼ੀਸ ਵਾਧੇ ’ਤੇ ਪ੍ਰਸ਼ਾਸਨ ਨੇ ਲਾਈ ਸੀ ਰੋਕ
ਪ੍ਰਾਈਵੇਟ ਸਕੂਲ ਐਜੂਕੇਸ਼ਨ ਐਕਟ ਅਨੁਸਾਰ ਨਿੱਜੀ ਸਕੂਲ ਹਰ ਸੈਸ਼ਨ ਵਿਚ ਮੁੱਢਲੀਆਂ ਸਹੂਲਤਾਂ ਬਿਹਤਰ ਬਣਾਈ ਰੱਖਣ ਲਈ 8 ਫ਼ੀਸਦੀ ਤੱਕ ਫ਼ੀਸ ਵਧਾ ਸਕਦੇ ਹਨ। 2020 ਵਿਚ ਕੋਰੋਨਾ ਦੀ ਸ਼ੁਰੂਆਤ ਵਿਚ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਉਹ ਫ਼ੀਸ ਵਿਚ ਕੋਈ ਵਾਧਾ ਨਾ ਕਰਨ। ਪ੍ਰਸ਼ਾਸਨ ਦੇ ਨਿਰਦੇਸ਼ ਅਨੁਸਾਰ 2 ਸਾਲਾਂ ਤੋਂ ਸਕੂਲਾਂ ਨੇ ਕੋਈ ਫ਼ੀਸ ਨਹੀਂ ਵਧਾਈ ਪਰ ਇਸ ਵਾਰ ਸਾਰੇ ਸਕੂਲ 8 ਫ਼ੀਸਦੀ ਫ਼ੀਸ ਵਧਾ ਰਹੇ ਹਨ। ਇਸ ਤੋਂ ਪਰੇਸ਼ਾਨ ਮਾਪੇ ਫ਼ੀਸ ਵਿਚ 2 ਸਾਲਾਂ ਅਨੁਸਾਰ 15 ਫ਼ੀਸਦੀ ਕਟੌਤੀ ਦੀ ਮੰਗ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News