ਸਰਕਾਰੀ ਬੇਰੁਖੀ ਦੇ ਬਾਵਜੂਦ ਅੱਜ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੈ ਪ੍ਰਾਇਮਰੀ ਸਕੂਲ

Saturday, Feb 02, 2019 - 01:04 PM (IST)

ਸਰਕਾਰੀ ਬੇਰੁਖੀ ਦੇ ਬਾਵਜੂਦ ਅੱਜ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦੈ ਪ੍ਰਾਇਮਰੀ ਸਕੂਲ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਵਿਖੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਨੰ. 2 ਸਰਕਾਰ ਵਲੋਂ ਅਣਗੌਲਿਆਂ ਹੋਣ ਦੇ ਬਾਵਜੂਦ ਇਹ ਸਰਕਾਰੀ ਸਕੂਲ ਸਿੱਖਿਆ ਤੇ ਸਹੂਲਤਾਂ ਵਜੋਂ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਹੈ ਕਿਉਂਕਿ ਇੱਥੇ ਪੜ੍ਹਦੇ ਗਰੀਬ ਬੱਚਿਆਂ ਲਈ ਜਿੱਥੇ ਸਮਾਰਟ ਕਲਾਸਾਂ ਦਾ ਪ੍ਰਬੰਧ ਹੈ, ਉਥੇ ਸਰਕਾਰੀ ਹੋਣਹਾਰ ਅਧਿਆਪਕਾਂ ਕਾਰਨ ਇਸ ਸਕੂਲ ਦੇ ਵਿਦਿਆਰਥੀ ਸਿੱਖਿਆ ਤੇ ਹੋਰ ਵੱਖ-ਵੱਖ ਖੇਤਰਾਂ ਵਿਚ ਚੰਗਾ ਨਾਮਣਾ ਖੱਟ ਚੁੱਕੇ ਹਨ।
ਲੁਧਿਆਣਾ ਜ਼ਿਲੇ ਦੇ ਮੋਹਰੀ ਸਰਕਾਰੀ ਪ੍ਰਾਇਮਰੀ ਸਕੂਲਾਂ 'ਚੋਂ ਇਕ ਗਿਣਿਆ ਜਾਂਦਾ ਇਹ ਸਕੂਲ ਜਿੱਥੇ 429 ਗਰੀਬ ਪਰਿਵਾਰ ਨਾਲ ਸਬੰਧਤ ਬੱਚੇ ਸਿੱਖਿਆ ਪ੍ਰਾਪਤ ਕਰਨ ਲਈ ਰੋਜ਼ਾਨਾ ਆਉਂਦੇ ਹਨ। ਇਸ ਸਕੂਲ ਦੀ ਕੁੱਝ ਸਾਲ ਪਹਿਲਾਂ ਜਿੱਥੇ ਇਮਾਰਤ ਖਸਤਾ ਸੀ ਉਥੇ ਬੱਚਿਆਂ ਦੀ ਗਿਣਤੀ ਵੀ ਬਹੁਤ ਘੱਟ ਸੀ ਪਰ ਹੈੱਡ ਟੀਚਰ ਲਖਵਿੰਦਰ ਸਿੰਘ ਨੇ ਆਪਣੇ ਹੋਰ ਸਹਿਯੋਗੀ ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸ ਸਕੂਲ ਦੀ ਕਾਇਆ-ਕਲਪ ਕਰ ਦਿੱਤੀ। ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਕਪਿਲ ਆਨੰਦ ਤੇ ਹੈੱਡ ਟੀਚਰ ਲਖਵਿੰਦਰ ਸਿੰਘ ਨੇ ਸਕੂਲ ਨੂੰ ਜ਼ਿਲੇ ਦਾ ਮੋਹਰੀ ਸਕੂਲ ਦਾ ਸੁਪਨਾ ਸੰਜੋਇਆ ਅਤੇ ਉਹ ਪੂਰਾ ਕਰਕੇ ਦਿਖਾਇਆ ਜਿਸ ਸਦਕਾ ਅੱਜ ਸਕੂਲ ਵਿਚ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਤੇ ਸਿੱਖਿਆ ਪ੍ਰਾਪਤ ਹੋ ਰਹੀ ਹੈ। ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਸਕੂਲ ਦੇ ਸ਼ਾਨਦਾਰ ਨਤੀਜੇ ਵੀ ਆਉਂਦੇ ਹਨ। 
ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਲ ਵਿਚ ਬੱਚਿਆਂ ਲਈ ਸਮਾਰਟ ਕਲਾਸਾਂ ਦਾ ਪ੍ਰਬੰਧ ਕਰ ਲਿਆ ਗਿਆ ਅਤੇ ਅੱਜ ਬੱਚੇ ਕਾਨਵੈਂਟ ਤੇ ਹੋਰ ਵੱਡੇ ਪ੍ਰਾਈਵੇਟ ਸਕੂਲਾਂ ਵਾਂਗ ਮਹਿੰਗੀਆਂ ਫੀਸਾਂ ਦੇਣ ਦੀ ਬਜਾਏ ਮੁਫ਼ਤ ਸਿੱਖਿਆ ਹਾਸਿਲ ਕਰ ਰਹੇ ਹਨ। ਇਨ੍ਹਾਂ ਗਰੀਬ ਵਿਦਿਆਰਥੀਆਂ ਲਈ ਕੰਪਿਊਟਰ ਐਲ.ਈ.ਡੀ ਟੀ.ਵੀ ਰਾਹੀਂ ਸਮਾਰਟ ਕਲਾਸਾਂ ਦਾ ਪ੍ਰਬੰਧ ਸਿੱਖਿਆ ਦਾ ਗਿਆਨ ਦਿੱਤਾ ਜਾ ਰਿਹਾ ਹੈ। ਸਕੂਲ ਦੇ ਬੱਚੇ ਰੋਜ਼ਾਨਾ ਪ੍ਰਾਥਨਾ ਮਿਊਜ਼ਿਕ ਸਿਸਟਮ ਨਾਲ ਕਰਦੇ ਹਨ ਅਤੇ ਬੈਂਡ ਨਾਲ ਪੀ.ਟੀ. ਹੁੰਦੀ ਹੈ ਅਤੇ ਬੱਚਿਆਂ ਦੇ ਖੇਡਣ ਲਈ ਸੁੰਦਰ ਪਾਰਕ ਵੀ ਬਣਾਇਆ ਹੈ। ਸਕੂਲ 'ਚ ਵਧੀਆ ਲਾਇਬ੍ਰੇਰੀ, ਸਾਇੰਸ ਕਾਰਨਰ ਅਤੇ ਗਰਮੀਆਂ ਵਿਚ ਸਮਰ ਕੈਂਪ ਵੀ ਲਗਾਇਆ ਜਾਂਦਾ ਹੈ।


author

Gurminder Singh

Content Editor

Related News